ਚੰਡੀਗੜ੍ਹ, 2 ਅਪ੍ਰੈਲ 2023-ਖ਼ਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਦੀ ਭਾਲ 16ਵੇਂ ਦਿਨ ਵੀ ਜਾਰੀ ਰਹੀ। ਮੁਲਜ਼ਮ ਹਾਲੇ ਪੁਲਿਸ ਗਿ੍ਫ਼ਤ ਤੋਂ ਬਾਹਰ ਹੈ। ਸੂਤਰਾਂ ਮੁਤਾਬਕ ਅੰਮ੍ਰਿਤਪਾਲ ਦੇ ਇਕ ਕਰੀਬੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਪੁਲਿਸ ਨੂੰ ਸ਼ੱਕ ਹੈ ਕਿ ਪਿਛਲੇ ਦਿਨੀਂ ਜੋ ਅੰਮ੍ਰਿਤਪਾਲ ਦਾ ਜੋ ਵੀਡੀਓ ਸਾਹਮਣੇ ਆਇਆ ਸੀ, ਉਸ ਨੂੰ ਵਾਇਰਲ ਕਰਨ ਵਿਚ ਹਿਰਾਸਤ ਵਿਚ ਲਏ ਗਏ ਵਿਅਕਤੀ ਦਾ ਹੀ ਹੱਥ ਹੈ। ਪੁਲਿਸ ਵੱਲੋਂ ਪੁੱਛਗਿੱਛ ਜਾਰੀ ਹੈ।
ਇਸ ਦੌਰਾਨ ਐਤਵਾਰ ਨੂੰ ਇਕ ਵਾਰ ਫਿਰ ਤੋਂ ਇਹ ਗੱਲ ਸਾਹਮਣੇ ਆਈ ਕਿ ਅੰਮ੍ਰਿਤਪਾਲ ਪੰਜਾਬ ’ਚੋਂ ਬਾਹਰ ਚਲਾ ਗਿਆ ਹੈ। ਉਹ ਦੋ ਵਾਰ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਚੁੱਕਾ ਹੈ। ਹਾਲਾਂਕਿ ਪੁਲਿਸ ਅਧਿਕਾਰੀਆਂ ਵੱਲੋਂ ਅਜਿਹੀ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਅੰਮ੍ਰਿਤਪਾਲ ਨੂੰ ਫੜਨ ਦੇ ਯਤਨ ਜਾਰੀ ਹਨ। ਪੁਲਿਸ ਨੂੰ ਕਈ ਅਹਿਮ ਸੁਰਾਗ ਹੱਥ ਲੱਗੇ ਹਨ, ਉਸ ਨੂੰ ਜਲਦ ਗਿ੍ਫ਼ਤਾਰ ਕਰ ਲਿਆ ਜਾਵੇਗਾ। ਅੰਮ੍ਰਿਤਪਾਲ ਨੂੰ ਫੜਨ ਲਈ ਪੁਲਿਸ ਦੀ ਮੁਹਿੰਮ ਲਗਾਤਾਰ ਜਾਰੀ ਹੈ।
ਮਾਨਸਾ ‘ਚ ਪੁਲਿਸ ਨੇ ਲਾਏ ਅੰਮ੍ਰਿਤਪਾਲ ਦੇ ਪੋਸਟਰ
ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਲਈ ਤਲਾਸ਼ੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਪੁਲਿਸ ਅੰਮ੍ਰਿਤਪਾਲ ਨੂੰ ਗ੍ਰਿਫ਼ਤਾਰ ਕਰਨ ਲਈ ਸੂਬੇ ਭਰ ਦੇ ਵੱਖ-ਵੱਖ ਡੇਰਿਆਂ ਵਿੱਚ ਚੈਕਿੰਗ ਕਰ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਵੱਲੋਂ ਤਲਾਸ਼ੀ ਮੁਹਿੰਮ ਅਤੇ ਨਾਕਾਬੰਦੀ ਲਗਾਤਾਰ ਜਾਰੀ ਹੈ।
ਮਾਨਸਾ ਵਿੱਚ ਪੁਲਿਸ ਨੇ ਸਾਰੇ ਬੈਰੀਕੇਡਾਂ ’ਤੇ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਦੋ ਸਾਥੀਆਂ ਦੇ ਪੋਸਟਰ ਚਿਪਕਾਏ ਹਨ ਅਤੇ ਆਉਣ-ਜਾਣ ਵਾਲੇ ਸਾਰੇ ਲੋਕਾਂ ਅਤੇ ਵਾਹਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਮਾਨਸਾ ਪੁਲਿਸ ਦੇ ਐੱਸਪੀ (ਡੀ) ਬਾਲ ਕ੍ਰਿਸ਼ਨ ਸਿੰਗਲਾ ਨੇ ਦੱਸਿਆ ਕਿ ਮਾਨਸਾ ਪੁਲਿਸ ਨੇ ਜ਼ਿਲ੍ਹੇ ਭਰ ਵਿੱਚ ਦਰਜਨ ਤੋਂ ਵੱਧ ਨਾਕੇ ਲਾਏ ਹਨ।
ਪੁਲਿਸ ਨੂੰ ਸੂਚਿਤ ਕਰਨ ਦੀ ਅਪੀਲ
ਇਨ੍ਹਾਂ ਪੁਆਇੰਟਾਂ ‘ਤੇ ਪੰਜਾਬ ਪੁਲਿਸ ਤੋਂ ਇਲਾਵਾ ਬੀਐੱਸਐੱਫ ਦੇ ਜਵਾਨ ਤਾਇਨਾਤ ਹਨ। ਇਸ ਨਾਕੇਬੰਦੀ ਦੌਰਾਨ ਮਾਨਸਾ ਜ਼ਿਲ੍ਹੇ ਤੋਂ ਬਾਹਰ ਜਾਣ ਵਾਲੇ ਸਾਰੇ ਲੋਕਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਐੱਸਪੀਡੀ ਨੇ ਦੱਸਿਆ ਕਿ ਬੈਰੀਕੇਡ ‘ਤੇ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਦੀ ਫੋਟੋ ਲਗਾਈ ਗਈ ਹੈ ਤਾਂ ਜੋ ਲੋਕ ਅੰਮ੍ਰਿਤਪਾਲ ਸਿੰਘ ਦੀ ਪਛਾਣ ਕਰ ਸਕਣ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਉਨ੍ਹਾਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਪੁਲਿਸ ਨੂੰ ਸੂਚਿਤ ਕੀਤਾ ਜਾਵੇ।
ਕਿਸੇ ਧਾਰਮਿਕ ਸਥਾਨ ‘ਤੇ ਲੁਕੇ ਹੋਣ ਦਾ ਸ਼ੱਕ
ਪੁਲਿਸ ਨੂੰ ਸ਼ੱਕ ਹੈ ਕਿ ਅੰਮ੍ਰਿਤਪਾਲ ਕਿਸੇ ਧਾਰਮਿਕ ਸਥਾਨ ‘ਤੇ ਲੁਕਿਆ ਹੋਇਆ ਹੈ। ਪਿਛਲੇ ਤਿੰਨ ਦਿਨਾਂ ਤੋਂ ਪੁਲਿਸ ਵੱਲੋਂ ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਜਲੰਧਰ ਵਿੱਚ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਤੋਂ ਇਲਾਵਾ ਅੰਮ੍ਰਿਤਪਾਲ ਨੂੰ ਫੜਨ ਲਈ ਸੂਬੇ ਦੇ ਹੋਰ ਜ਼ਿਲ੍ਹਿਆਂ ਵਿੱਚ ਸਰਚ ਆਪਰੇਸ਼ਨ ਜਾਰੀ ਹੈ। ਪੁਲਿਸ ਵੱਲੋਂ 18 ਮਾਰਚ ਨੂੰ ਅੰਮ੍ਰਿਤਪਾਲ ਨੂੰ ਫੜਨ ਲਈ ਮੁਹਿੰਮ ਚਲਾਈ ਗਈ ਸੀ ਪਰ ਉਹ ਫਰਾਰ ਹੋ ਗਿਆ ਸੀ। ਉਹ ਨੇਪਾਲ ਪਹੁੰਚ ਗਿਆ ਸੀ ਪਰ ਸਰਹੱਦ ‘ਤੇ ਸਖ਼ਤੀ ਕਾਰਨ ਉਹ ਇਸ ਨੂੰ ਪਾਰ ਨਹੀਂ ਕਰ ਸਕਿਆ ਅਤੇ ਪੰਜਾਬ ਵਾਪਸ ਆ ਗਿਆ। ਪਿਛਲੇ ਦਿਨੀਂ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਉਹ ਹੁਸ਼ਿਆਰਪੁਰ ‘ਚ ਹੈ। ਜਿਸ ਤੋਂ ਬਾਅਦ ਉਹ ਉਥੋਂ ਵੀ ਫਰਾਰ ਹੋ ਗਿਆ। ਮੁਲਜ਼ਮਾਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।