ਪਟਿਆਲਾ, 31 ਦਸੰਬਰ : ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਮੁਖਵਿੰਦਰ ਸਿੰਘ ਛੀਨਾ ਅੱਜ 33 ਸਾਲ 8 ਮਹੀਨੇ ਦੀ ਸ਼ਾਨਦਾਰ ਸੇਵਾ ਨਿਭਾਉਣ ਬਾਅਦ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ ਦੇ ਅਹੁਦੇ ਤੋਂ ਸੇਵਾ ਮੁਕਤ ਹੋ ਗਏ ਹਨ। ਪਟਿਆਲਾ ਰੇਂਜ ਵਿਖੇ ਬਤੌਰ ਆਈ.ਜੀ. ਆਪਣੀ ਤਾਇਨਾਤੀ ਸਮੇਂ ਉਹ 23 ਅਗਸਤ 2023 ਨੂੰ ਏ.ਡੀ.ਜੀ.ਪੀ. ਵਜੋਂ ਪਦ ਉੱਨਤ ਹੋਏ ਸਨ। ਅੱਜ ਪਟਿਆਲਾ, ਸੰਗਰੂਰ ਤੇ ਬਰਨਾਲਾ ਦੇ ਐਸ.ਐਸ.ਪੀਜ ਵਰੁਣ ਸ਼ਰਮਾ, ਸਰਤਾਜ ਸਿੰਘ ਚਹਿਲ ਤੇ ਸੰਦੀਪ ਕੁਮਾਰ ਮਲਿਕ ਸਮੇਤ ਪਟਿਆਲਾ ਰੇਂਜ ਦੇ ਪੁਲਿਸ ਅਧਿਕਾਰੀਆਂ ਨੇ ਏ.ਡੀ.ਜੀ.ਪੀ. ਛੀਨਾ ਨੂੰ ਸ਼ਾਨਦਾਰ ਵਿਦਾਇਗੀ ਦਿੱਤੀ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਏ.ਡੀ.ਜੀ.ਪੀ. ਮੁਖਵਿੰਦਰ ਸਿੰਘ ਛੀਨਾ ਨੇ ਆਪਣੀ ਨਿਯੁਕਤੀ ਤੋਂ ਲੈ ਕੇ ਅੰਤਲੀ ਤਾਇਨਾਤੀ ਸਮੇਂ ਦੇ ਆਪਣੇ ਤਜਰਬੇ ਪੁਲਿਸ ਅਧਿਕਾਰੀਆਂ ਨਾਲ ਸਾਂਝੇ ਕੀਤੇ ਅਤੇ ਕਿਹਾ ਕਿ ਪੰਜਾਬ ਪੁਲਿਸ ਕੇਵਲ ਦੇਸ਼ ਹੀ ਨਹੀਂ ਬਲਕਿ ਵਿਸ਼ਵ ਦੀ ਸਭ ਤੋਂ ਸ਼ਾਨਦਾਰ ਪੁਲਿਸ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਪੁਲਿਸ ਨੇ ਦਹਿਸ਼ਤਗਰਦੀ ਨੂੰ ਸੂਬੇ ਵਿੱਚੋਂ ਖ਼ਤਮ ਕੀਤਾ, ਉਸੇ ਤਰ੍ਹਾਂ ਹੁਣ ਨਸ਼ਿਆਂ ਸਮੇਤ ਗੈਂਗਸਟਰ ਵਾਦ ਤੇ ਹੋਰ ਸਮਾਜ ਵਿਰੋਧੀ ਅਨਸਰਾਂ ਨੂੰ ਵੀ ਪੰਜਾਬ ਪੁਲਿਸ ਆਪਣੀ ਪੇਸ਼ੇਵਰ, ਦਲੇਰੀ, ਬਹਾਦਰੀ ਤੇ ਤਨਦੇਹੀ ਨਾਲ ਜ਼ਰੂਰ ਖ਼ਤਮ ਕਰੇਗੀ। ਏ.ਡੀ.ਜੀ.ਪੀ. ਛੀਨਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਸ਼ਾਨਦਾਰ ਪੁਲਿਸ ਦਾ ਇੱਕ ਹਿੱਸਾ ਰਹਿਣ ਦਾ ਮਾਣ ਹਮੇਸ਼ਾ ਹੀ ਰਹੇਗਾ।
ਇਸ ਮੌਕੇ ਐਸ.ਐਸ.ਪੀ ਵਰੁਣ ਸ਼ਰਮਾ ਨੇ ਧੰਨਵਾਦ ਕਰਦਿਆਂ ਕਿਹਾ ਕਿ ਏ.ਡੀ.ਜੀ.ਪੀ. ਮੁਖਵਿੰਦਰ ਸਿੰਘ ਛੀਨਾ ਦੀ ਲੰਮੇ ਸੇਵਾ ਤਜਰਬੇ ਦਾ ਲਾਭ ਪਟਿਆਲਾ ਰੇਂਜ ਦੇ ਸਮੂਹ ਪੁਲਿਸ ਅਧਿਕਾਰੀਆਂ ਨੇ ਉਠਾਇਆ ਹੈ ਅਤੇ ਉਨ੍ਹਾਂ ਨੂੰ ਇੱਕ ਸਫਲ ਅਧਿਕਾਰੀ ਤੇ ਉਨ੍ਹਾਂ ਦੇ ਸੇਵਾ ਕਾਲ ਨੂੰ ਮਾਰਗਦਰਸ਼ਕ ਵਜੋਂ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਇਸੇ ਦੌਰਾਨ ਪਟਿਆਲਾ ਪੁਲਿਸ ਦੇ ਡੀ.ਐਸ.ਪੀ. ਰਾਜਪੁਰਾ ਸੁਰਿੰਦਰ ਮੋਹਨ, ਡੀ.ਐਸ.ਪੀ. ਪੀ.ਬੀ.ਆਈ ਤੇ ਸਾਈਬਰ ਕ੍ਰਾਈਮ ਧਰਮਪਾਲ ਸਮੇਤ ਇੰਸਪੈਕਟਰ ਸਵਰਨਜੀਤ ਸਿੰਘ ਤੇ ਇੰਸਪੈਕਟਰ ਸ਼ਮਸ਼ੇਰ ਸਿੰਘ ਨੂੰ ਵੀ ਸੇਵਾ ਮੁਕਤੀ ਉਪਰ ਵਿਦਾਇਗੀ ਦਿੱਤੀ ਗਈ। ਇਸ ਦੌਰਾਨ ਐਸ.ਪੀਜ ਮੁਹੰਮਦ ਸਰਫ਼ਰਾਜ਼ ਆਲਮ, ਹਰਵੰਤ ਕੌਰ, ਹਰਵੀਰ ਸਿੰਘ ਅਟਵਾਲ, ਜਸਬੀਰ ਸਿੰਘ, ਪਲਵਿੰਦਰ ਸਿੰਘ ਚੀਮਾ, ਪਟਿਆਲਾ ਸਮੇਤ ਸੰਗਰੂਰ, ਮਾਲੇਰਕੋਟਲਾ ਤੇ ਬਰਨਾਲਾ ਪੁਲਿਸ ਦੇ ਅਧਿਕਾਰੀ ਤੇ ਹੋਰ ਪਤਵੰਤੇ ਮੌਜੂਦ ਸਨ।