Bathinda News : ਪੰਜਾਬ ਅੰਦਰ ਨਸ਼ਿਆਂ ਕਾਰਨ ਮੌਤਾਂ ਦਾ ਰੁਝਾਨ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ, ਸਗੋਂ ਸ਼ਰੇਆਮ ਵਿਕਦੇ ਨਸ਼ਿਆਂ ਕਾਰਨ ਮੌਤਾਂ ਦੀ ਗਿਣਤੀ ਦਿਨੋਂ ਦਿਨ ਵਧ ਰਹੀ ਹੈ। ਪਿੰਡ ਸੰਗਤ ਕਲਾਂ ਦੇ ਮੋਹਤਬਰ ਆਗੂ ਰੇਸ਼ਮ ਸਿੰਘ ਸਿੱਧੂ ਨੇ ਦੱਸਿਆ ਕਿ ਪਿੰਡ ਦੇ ਨੌਜਵਾਨ ਦੀ ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਅਚਾਨਕ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮਨਦੀਪ ਸਿੰਘ ਅਜੇ ਕੁਆਰਾ ਹੀ ਸੀ ਅਤੇ ਗਲਤ ਸੰਗਤ ਕਾਰਨ ਨਸ਼ਿਆਂ ਦੀ ਗ੍ਰਿਫ਼ਤ ’ਚ ਆ ਗਿਆ। ਬੀਤੀ ਰਾਤ ਉਹ ਆਪਣੀ ਬਾਂਹ ਤੇ ਗਲਤ ਟੀਕਾ ਲਗਾ ਬੈਠਾ, ਜਿਸ ਕਾਰਨ ਉਸ ਦੀ ਮੌਤ ਹੋ ਗਈ ਅਤੇ ਪਰਿਵਾਰਕ ਮੈਂਬਰਾਂ ਨੂੰ ਸਵੇਰੇ ਹੋਣ ਤੇ ਹੀ ਇਸ ਦਾ ਪਤਾ ਲੱਗਾ।
ਉਨ੍ਹਾਂ ਦੱਸਿਆ ਕਿ ਕਾਨੂੰਨੀ ਝਮੇਲੇ ਤੋਂ ਬਚਣ ਲਈ ਪਰਿਵਾਰਕ ਮੈਂਬਰਾਂ ਨੇ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਮ੍ਰਿਤਕ ਦਾ ਅੰਤਿਮ ਸੰਸਕਾਰ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਉਕਤ ਪਰਿਵਾਰ ਦੇ ਇਕ ਹੋਰ ਇਕਲੌਤੇ ਲੜਕੇ (ਮ੍ਰਿਤਕ ਦੇ ਚਚੇਰੇ ਭਰਾ) ਦੀ ਵੀ ਚਿੱਟੇ ਕਾਰਨ ਕੁੱਝ ਅਰਸਾ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਇਕੋ ਪਰਿਵਾਰ ’ਚ ਨਸ਼ਿਆਂ ਕਾਰਨ ਇਹ ਦੂਸਰੀ ਮੌਤ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਸਰਕਾਰ ਨਸ਼ੇ ਰੋਕਣ ’ਚ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ ਅਤੇ ਨਸ਼ਿਆਂ ਕਾਰਨ ਨਿੱਤ ਵਾਪਰਦੀਆਂ ਲੁੱਟਾਂ-ਖੋਹਾਂ, ਚੋਰੀਆਂ ਅਤੇ ਲੜਾਈ ਝਗੜਿਆਂ ਦੀਆਂ ਘਟਨਾਵਾਂ ਨੂੰ ਰੋਕਣ ’ਚ ਪੁਲਿਸ ਵੱਲੋਂ ਕੋਈ ਦਿਲਚਸਪੀ ਨਹੀਂ ਦਿਖਾਈ ਜਾ ਰਹੀ, ਜਿਸ ਕਾਰਨ ਲੋਕ ਬਹੁਤ ਦੁਖੀ ਹਨ।