ਅੰਮ੍ਰਿਤਸਰ, 28 ਮਾਰਚ 2023- ਗੁਆਂਢੀ ਮੁਲਕ ਪਾਕਿਸਤਾਨ ਦੇ ਸਰਗਰਮ ਤੇਜ਼-ਤਰਾਰ ਤਸਕਰਾਂ ਵੱਲੋਂ ਭਾਰਤ ਦੇ ਵੱਖ ਵੱਖ ਸਰਹੱਦੀ ਪਿੰਡਾਂ ਵਿਚ ਬੀਤੀ ਰਾਤ ਪਾਕਿਸਤਾਨ ਵਾਲੇ ਪਾਸਿਓ ਡਰੋਨ ਭੇਜ ਕੇ ਭਾਰੀ ਮਾਤਰਾ ਵਿੱਚ ਹੈਰੋਈਨ ਤੇ ਅਸਲਾ ਭੇਜ ਕੇ ਭਾਰਤ ਨੂੰ ਨਿਸ਼ਾਨੇ ‘ਤੇ ਲਿਆ ਹੈ। ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਸੋਮਵਾਰ ਰਾਤ ਅੰਮ੍ਰਿਤਸਰ ਸੈਕਟਰ ‘ਚ ਭਾਰਤ-ਪਾਕਿ ਸਰਹੱਦ ‘ਤੇ ਬਾਰਡਰ ਆਬਜ਼ਰਵਿੰਗ ਪੋਸਟ (ਬੀਓਪੀ) ‘ਤੇ ਪਾਕਿਸਤਾਨੀ ਡਰੋਨ ਸੁੱਟਿਆ। ਦੂਜੇ ਪਾਸੇ ਬੀਐਸਐਫ ਨੇ ਮੰਗਲਵਾਰ ਨੂੰ ਰਾਮਤੀਰਥ ਦੇ ਸਰਹੱਦੀ ਇਲਾਕੇ ਵਿੱਚ ਡਰੋਨ ਦੇਖੇ ਜਾਣ ਤੋਂ ਬਾਅਦ ਦੋ ਵਿਅਕਤੀਆਂ ਨੂੰ 3.25 ਕਿਲੋ ਹੈਰੋਇਨ ਸਮੇਤ ਹਿਰਾਸਤ ਵਿੱਚ ਲਿਆ ਹੈ।
ਬੀਐਸਐਫ ਨੇ ਰਾਮਤੀਰਥ ਖੇਤਰ ਵਿੱਚ ਡਰੋਨ ਨੂੰ ਦੇਖ ਕੇ ਕਵਰ ਕਰਨ ਲਈ ਗੋਲੀਬਾਰੀ ਕੀਤੀ। ਇਸ ਤੋਂ ਬਾਅਦ ਮੰਗਲਵਾਰ ਸਵੇਰੇ ਬੀਐਸਐਫ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਇਸ ਦੌਰਾਨ ਬੀਐਸਐਫ ਨੇ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 3 ਕਿਲੋ 220 ਗ੍ਰਾਮ ਹੈਰੋਇਨ ਬਰਾਮਦ ਕੀਤੀ। ਖ਼ਬਰ ਲਿਖੇ ਜਾਣ ਤੱਕ ਬੀਐਸਐਫ ਵੱਲੋਂ ਰਾਜਾਤਾਲ ਚੌਕੀ ਅਤੇ ਰਾਮਤੀਰਥ ਸਰਹੱਦੀ ਖੇਤਰ ਵਿੱਚ ਤਲਾਸ਼ੀ ਮੁਹਿੰਮ ਚਲਾ ਕੇ ਡਰੋਨ ਰਾਹੀਂ ਸੁੱਟੇ ਗਏ ਹੋਰ ਸਾਮਾਨ ਨੂੰ ਲੱਭਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ।