Crime News Punjab : ਥਾਣਾ ਮਕਸੂਦਾਂ ਦੀ ਪੁਲਿਸ ਨੇ ਦਾਤਰ ਦੀ ਨੋਕ ‘ਤੇ ਲੁੱਟਾਂ-ਖੋਹਾਂ ਕਰਨ ਵਾਲੇ ਖਤਰਨਾਕ ਗੈਂਗ ਦਾ ਪਰਦਾਫਾਸ ਕਰਕੇ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਇਕ ਦਾਤਰ, ਇਕ ਐਕਟੀਵਾ 2 ਮੋਟਰਸਾਈਕਲ, 6 ਟਾਵਰ ਵਾਲੀਆਂ ਬੈਟਰੀਆਂ ਤੇ 6 ਮੋਬਾਈਲ ਫੋਨ ਬਰਾਮਦ ਕੀਤੇ ਹਨ। ਥਾਣਾ ਮਕਸੂਦਾਂ ਦੇ ਮੁਖੀ ਸਿਕੰਦਰ ਸਿੰਘ ਨੇ ਦੱਸਿਆ ਕਿ ਖੂਫੀਆ ਇਤਲਾਹ ਮਿਲਣ ‘ਤੇ ਦਾਤਰ ਦੀ ਨੋਕ ‘ਤੇ ਲੁੱਟਾਂ-ਖੋਹਾਂ ਕਰਨ ਵਾਲੇ ਖਤਰਨਾਕ ਗੈਂਗ ਦੇ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਦਾਤਰ, ਐਕਟਿਵਾ, ਦੋ ਮੋਟਰਸਾਈਕਲ, 6 ਟਾਵਰ ਵਾਲੀਆਂ ਬੈਟਰੀਆਂ ਤੇ 6 ਮੋਬਾਈਲ ਫੋਨ ਬਰਾਮਦ ਤੇ ਲੁੱਟ-ਖੋਹ ਦੀਆਂ ਭਾਰੀ ਤਦਾਦ ‘ਚ ਵਾਰਦਾਤਾਂ ਟਰੇਸ ਕੀਤੀਆਂ। ਉਨ੍ਹਾਂ ਦੱਸਿਆ ਕਿ 14 ਜਨਵਰੀ ਨੂੰ ਸਵੇਰੇ 8.30 ਵਜੇ ਸੈਂਟ ਸੋਲਜਰ ਸਕੂਲ ਪਿੰਡ ਨੂੰਸੀ ਕੋਲ ਲੱਗੇ ਹੋਏ ਟਾਵਰ ਦੀ ਚੈਕਿੰਗ ਕਰਨ ਟਾਵਰ ਕੰਪਨੀ ਦੇ ਸਕਿਓਰਿਟੀ ਇੰਚਾਰਜ ਅਕਾਸ਼ਦੀਪ ਵਾਸੀ ਪਿੰਡ ਮੁੱਡਾ ਥਾਣਾ ਸਦਰ ਨਕੋਦਰ ਨੇ ਸ਼ਿਕਾਇਤ ਦਿੱਤੀ ਸੀ ਕਿ ਉਹ ਜਿਵੇ ਹੀ ਉਹ ਟਾਵਰ ਦੇ ਕੋਲ ਪੁੱਜਾ ਤਾਂ ਟਾਵਰ ਦੇ ਕੈਬਿਨ ਕੋਲ ਤਿੰਨ ਨੋਜਵਾਨ ਖੜ੍ਹੇ ਸਨ, ਜਿਨ੍ਹਾਂ ਲਾਗੇ 2 ਮੋਟਰਸਾਈਕਲ ਖੜੇ੍ਹ ਸਨ। ਤਿੰਨਾਂ ਨੇ ਇਕਦਮ ਘੇਰ ਕੇ ਦਾਤਰ ਦਿਖਾ ਕੇ ਉਸ ਦੀ ਜੇਬ ‘ਚੋਂ ਪਰਸ ਕੱਢ ਲਿਆ ਤੇ ਕੈਬਿਨ ਦਾ ਤਾਲਾ ਖੁਲ੍ਹਵਾ ਲਿਆ ਤੇ ਕੈਬਿਨ ‘ਚ ਲੱਗੀਆ ਬੈਟਰੀਆਂ ‘ਚੋਂ 2 ਬੈਟਰੀਆਂ ਵੀ ਖੋਲ੍ਹ ਲਈਆਂ। ਮੋਟਰ ਸਾਈਕਲ ‘ਤੇ ਦੋਵੇਂ ਬੈਟਰੀਆਂ ਦੋਵੇਂ ਜਣਿਆਂ ਨੇ ਰੱਖ ਲਈਆਂ ਤੇ ਤੀਜੇ ਨੇ ਇਕ ਹੋਰ ਮੋਟਰਸਾਈਕਲ ਚਲਾ ਕੇ ਫਰਾਰ ਹੋ ਗਏ। ਪਰਸ ‘ਚ ਕਰੀਬ 1500 ਰੁਪਏ, ਆਧਾਰ ਕਾਰਡ ਸਨ।
ਉਸ ਨੇ 2 ਲੜਕਿਆਂ ਨੂੰ ਪਛਾਣ ਲਿਆ ਸੀ ਜਿਨ੍ਹਾਂ ‘ਚ ਇਕ ਦਾ ਨਾਮ ਅਮਨਜੀਤ ਸਿੰਘ ਉਰਫ ਅਮਨ ਵਾਸੀ ਲਿੱਧੜਾਂ ਤੇ ਦੂਜੇ ਦਾ ਨਾਮ ਬੱਬੂ ਵਾਸੀ ਲਿੱਧੜਾਂ ਹੈ ਤੇ ਤੀਜਾ ਉਹ ਸਾਹਮਣੇ ਆਉਣ ‘ਤੇ ਪਛਾਣ ਸਕਦਾ ਹੈ। ਮੁਲਜ਼ਮਾਂ ਦੀ ਪਛਾਣ ਹੋਣ ‘ਤੇ ਇਨ੍ਹਾਂ ਖਿਲਾਫ ਧਾਰਾ 379-ਬੀ, 34 ਆਈਪੀਸੀ ਦਰਜ ਕਰਕੇ ਤਫਤੀਸ਼ ਆਰੰਭੀ ਗਈ ਸੀ। ਥਾਣੇਦਾਰ ਸਤਨਾਮ ਸਿੰਘ ਸਮੇਤ ਪੁਲਿਸ ਨੇ ਨਾਕਾਬੰਦੀ ਕੀਤੀ ਸੀ ਜਿਨ੍ਹਾਂ ਦੀ ਇਤਲਾਹ ਮਿਲਣ ‘ਤੇ ਤਿੰਨੇ ਐਕਟੀਵਾ ਤੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਦਾਤਰ ਲੈ ਕੇ ਨਹਿਰ ਵੱਲ ਘੁੰਮਦੇ ਦੇਖੇ ਗਏ ਤਾਂ ਇਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਜਿਨ੍ਹਾਂ ਨੇ ਉਥੋਂ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਵੱਲੋਂ ਅਮਨਦੀਪ ਸਿੰਘ ਪਿੰਡ ਲਿੱਧੜਾ ਤੇ ਕਰਮਜੀਤ ਸਿੰਘ ਵਾਸੀ ਪਿੰਡ ਬਿਧੀਪੁਰ, ਜਲੰਧਰ ਹਾਲ ਵਾਸੀ ਫਲੈਟ ਪਿੰਡ ਸਲੇਮਪੁਰ ਮੁਸਲਮਾਨਾਂ ਨੂੰ ਕਾਬੂ ਕਰ ਲਿਆ ਤੇ ਤੀਜਾ ਵਿਅਕਤੀ ਬੱਬੂ ਵਾਸੀ ਲਿੱਧੜਾਂ ਮੌਕੇ ਤੋਂ ਭੱਜ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਲੁਟੇਰਿਆਂ ਵੱਲੋਂ ਵਰਦਾਤ ਕਰਨ ਸਮੇਂ ਵੱਖ-ਵੱਖ ਵਾਹਨਾਂ ਦੀ ਵਰਤੋਂ ਕੀਤੀ ਜਾਂਦੀ ਸੀ ਤੇ ਜ਼ਿਆਦਾਤਰ ਚਿੱਟੇ ਰੰਗ ਦੀ ਐਕਟਿਵਾ ਦੀ ਵਰਤੋਂ ਕਰਦੇ ਸਨ।