Divya Murder Case : ਗੁਰੂਗ੍ਰਾਮ ਦੇ ਇਕ ਹੋਟਲ ਵਿਚ ਸਾਬਕਾ ਮਾਡਲ ਦਿਵਿਆ ਪਹੂਜਾ ਕਤਲ ਮਾਮਲੇ ਵਿਚ ਮੁਲਜਮਾਂ ਵਲੋਂ ਵਰਤੀ ਗਈ ਬੀਐਮਡਬਲਯੂ ਕਾਰ ਪਟਿਆਲਾ ਦੇ ਨਵੇਂ ਬੱਸ ਅੱਡੇ ਤੋਂ ਬਰਾਮਦ ਹੋਈ ਹੈ। ਇਸ ਗੱਡੀ ਨੂੰ ਇਥੇ ਕੌਣ ਲੈ ਕੇ ਆਇਆ ਇਸ ਲਈ ਪਟਿਆਲਾ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਗੁਰੂਗ੍ਰਾਮ ਕਰਾਈਮ ਬਰਾਂਚ ਦੀ ਟੀਮ ਵੀ ਜਾਂਚ ਲਈ ਪਟਿਆਲਾ ਪੁੱਜ ਗਈ ਹੈ। ਫਿਲਹਾਲ ਸਾਬਕਾ ਮਾਡਲ ਦੀ ਲਾਸ਼ ਦੀ ਭਾਲ ਵੀ ਕੀਤੀ ਜਾ ਰਹੀ ਹੈ। ਐਸਪੀ ਡਿਟੈਕਟਿਵ ਸੁਖਅੰਮ੍ਰਿਤ ਸਿੰਘ ਰੰਧਾਵਾ ਨੇ ਇਸਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਗੁਰੂਗ੍ਰਾਮ ਪੁਲਿਸ ਨੇ ਇਕ ਲੜਕੀ ਦੇ ਕਤਲ ਮਾਮਲੇ ਵਿਚ ਵਰਤੀ ਗੱਡੀ ਪਟਿਆਲਾ ਆਉਣ ਬਾਰੇ ਸੂਚਨਾ ਸਾਂਝੀ ਕੀਤੀ ਸੀ। ਅੱਜ ਨੀਲੇ ਰੰਗ ਦੀ ਬੀਐਮਡਬਲਯੂ ਪਟਿਆਲਾ ਦੇ ਨਵੇਂ ਬੱਸ ਅੱਡੇ ਦੀ ਪਾਰਕਿੰਗ ਵਿਚ ਖੜੀ ਮਿਲੀ ਹੈ, ਜਿਸਨੂੰ ਬੀਤੇ ਦਿਨ ਕੋਈ ਵਿਅਕਤੀ ਇਥੇ ਖੜਾ ਗਿਆ ਹੈ। ਐਸਪੀ ਨੇ ਦੱਸਿਆ ਕਿ ਗੱਡੀ ਖੜਾਉਣ ਵਾਲਿਆਂ ਦੀ ਪਛਾਣ ਲਈ ਸੀਸੀਟੀਵੀ ਕੈਮਰੇ ਤੇ ਹੋਰ ਪੱਖਾਂ ਤੋਂ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।
ਦੱਸਣਾ ਬਣਦਾ ਹੈ ਕਿ ਕਥਿਤ ਪੁਲਿਸ ਮੁਕਾਬਲੇ ਵਿਚ ਗੈਂਗਸਟਰ ਸੰਦੀਪ ਗੋਲਡੀ ਦੀ ਹੱਤਿਆ ਦੀ ਮੁਲਜਮ ਸਾਬਕਾ ਮਾਡਲ ਦਿਵਿਆ ਪਹੂਜਾ ਕੁਝ ਮਹੀਨੇ ਪਹਿਲਾਂ ਜਮਾਨਤ ’ਤੇ ਆਈ ਸੀ। ਜਿਸਨੂੰ ਦੋ ਜਨਵਰੀ ਨੂੰ ਪੰਜ ਵਿਅਕਤੀ ਗੁਰੂਗ੍ਰਾਮ ਦੇ ਇਕ ਹੋਟਲ ਵਿਚ ਲੈ ਕੇ ਆਏ ਤੇ ਸਿਰ ’ਚ ਗੋਲੀ ਮਾਰ ਕੇ ਉਸਦੀ ਹੱਤਿਆ ਕਰ ਦਿੱਤੀ। ਉਸੇ ਦਿਨ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ। ਦਿਵਿਆ 07 ਫਰਵਰੀ 2016 ਨੂੰ ਮੁੰਬਈ ਦੇ ਇਕ ਹੋਟਲ ਵਿਚ ਗੈਂਗਸਟਰ ਸੰਦੀਪ ਗੋਲਡੀ ਦੀ ਹੱਤਿਆ ਦੀ ਮੁਲਜ਼ਮ ਸੀ। ਪੁਲਿਸ ਅਨੁਸਾਰ ਗੈਂਗਸਟਰ ਨੂੰ ਉਸਦੀ ਮਹਿਲਾ ਮਿੱਤਰ ਦਿਵਿਆ ਦੀ ਮਦਦ ਨਾਲ ਜਾਲ ਵਿਚ ਫਸਾਇਆ ਗਿਆ ਸੀ ਤੇ ਝੂਠੇ ਮੁਕਾਬਲੇ ਵਿਚ ਮਾਰ ਦਿੱਤਾ ਗਿਆ ਸੀ।