Farmers Protest: Shambhu border ’ਤੇ ਸੰਯੁਕਤ ਕਿਸਾਨ ਮੋਰਚੇ (ਗੈਰ ਰਾਜਨੀਤਿਕ) ਦਾ ਸੰਘਰਸ਼ ਸ਼ੁੱਕਰਵਾਰ ਨੂੰ ਚੌਥੇ ਦਿਨ ’ਚ ਦਾਖਲ ਹੋ ਚੁੱਕਾ ਹੈ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਵੀਰਵਾਰ ਦੀ ਦੇਰ ਰਾਤ ਕੇਂਦਰੀ ਮੰਤਰੀਆਂ ਦੇ ਨਾਲ ਕੀਤੀ ਲੰਮੀ ਮੀਟਿੰਗ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਸ਼ੰਭੂ ਬੈਰੀਅਰ ’ਤੇ ਰੱਖੀ ਕਾਨਫਰੰਸ ਦੌਰਾਨ ਕਿਹਾ ਕਿ ਕੇਂਦਰੀ ਮੰਤਰੀਆਂ ਨੇ ਕਿਸਾਨਾਂ ਦੀਆਂ ਮੰਗਾਂ ਐੱਮਐੱਸਪੀ ਦੀ ਗਾਰੰਟੀ, ਕਰਜਾ ਮੁਕਤੀ, ਪ੍ਰਦੂਸ਼ਣ ਕੰਟਰੋਲ ਐਕਟ ਵਿੱਚੋਂ ਖੇਤੀਬਾੜੀ ਨੂੰ ਬਾਹਰ ਕਰਨਾ ਸਮੇਤ ਡਾ: ਸਵਾਮੀਨਾਥਨ ਰਿਪੋਰਟ ਲਾਗੂ ਕਰਨ ਸਬੰਧੀ ਐਤਵਾਰ ਤੱਕ ਦਾ ਸਮਾਂ ਮੰਗਿਆ ਹੈ।
ਆਗੂਆਂ ਨੇ ਕਿਹਾ ਕਿ ਪਤਾ ਲੱਗਾ ਹੈ ਕਿ ਕੁੱਝ ਪੱਤਰਕਾਰਾਂ ਦੇ ਵੀ ਸ਼ੋਸ਼ਲ ਮੀਡੀਆ ਪੇਜ ਬੰਦ ਕੀਤੇ ਗਏ ਹਨ, ਨੂੰ ਵੀ ਅਧਿਕਾਰੀਆਂ ਦੇ ਨਾਲ ਮੀਟਿੰਗ ਦੌਰਾਨ ਗੱਲਬਾਤ ਕਰ ਕੇ ਚਾਲੂ ਕਰਵਾਇਆ ਜਾਵੇਗਾ। ਉਨ੍ਹਾਂ ਕੇਂਦਰੀ ਮੰਤਰੀਆਂ ਨੂੰ ਕਿਹਾ ਕਿ ਹਰਿਆਣਾ ਵਿਖੇ ਸਾਡੇ ਕਿਸਾਨ ਆਗੂ ਗ੍ਰਿਫਤਾਰ ਕੀਤੇ ਜਾਂ ਘਰ ਵਿੱਚ ਨਜ਼ਰਬੰਦ ਕੀਤੇ ਹਨ ਨੂੰ ਬਹਾਲ ਕੀਤਾ ਜਾਵੇ ਆਦਿ ਦਾ ਭਰੋਸਾ ਦਿੱਤਾ।
ਇਸ ਤੋਂ ਇਲਾਵਾ ਕਿਸਾਨਾਂ ਦਾ ਮੁੱਦਾ ਯੂਐੱਨ ਵਿੱਚ ਜਾਣ ’ਤੇ ਉਨ੍ਹਾਂ ਕਿਹਾ ਸੀ ਕਿ ਯੂਐਨ ਵਿੱਚ ਗੱਲ ਮੀਡੀਆ ਦੇ ਮਾਧਿਅਮ ਰਾਹੀਂ ਗਈ ਹੈ। ਪੂਰੇ ਭਾਰਤ ਅੰਦਰ Farmers Protest ਕਰ ਰਹੇ ਹਾਂ ਅਤੇ ਅਸੀਂ ਜਿੱਤ ਵੱਲ ਨੂੰ ਵਧ ਰਹੇ ਹਾਂ। ਹਾਈ ਕੋਰਟ ਨੇ ਵੀ ਟਿੱਪਣੀ ਕੀਤੀ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਅੱਗੇ ਜਾਣ ਦੇਵੇ ਅਤੇ ਸਾਡੀ ਗੱਲ ਮੰਨੇ।
ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅਸੀਂ ਹਰਿਆਣਾ ਦੇ CM Manohar Lal Khattar ਨੂੰ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਤਾਂ ਸ਼ਾਂਤਮਈ ਰੋਸ ਧਰਨਾ ਦੇ ਰਹੇ ਹਾਂ ਪਰ ਜਿਹੜਾ ਤੁਸੀਂ ਬਾਰਡਰ ਨੂੰ ਬੈਰੀਕੇਟਿੰਗ ਕਰ ਕੇ ਸ਼ੰਭੂ ਬੈਰੀਅਰ ਅਤੇ ਖਨੋਰੀ ਬੈਰੀਅਰ ’ਤੇ ਕਿਸਾਨਾਂ ’ਤੇ ਅੱਥਰੂ ਗੈਸ ਦੇ ਗੋਲੇ ਸੁੱਟੇ ਅਤੇ ਗੋਲੀਆਂ ਚਲਾਉਂਣੀਆਂ ਆਦਿ ਕਿਹੜਾ ਲੋਕਤੰਤਰਿਕ ਤਰੀਕਾ ਹੈ। ਹਰਿਆਣਾ ਦੇ ਪਿੰਡਾਂ ਦੇ ਨੈੱਟ ਬੰਦ ਅਤੇ ਫੌਜ ਅਤੇ ਪੁਲਿਸ ਵੱਲੋਂ ਕਿਸਾਨਾਂ ਨੂੰ ਪ੍ਰਦਰਸ਼ਨ ਕਰਨ ਤੋਂ ਰੋਕਿਆ ਜਾ ਰਿਹਾ ਹੈ। ਗੂਗਲ ਮੈਪ ਰਾਹੀਂ ਇਹ ਪਤਾ ਲੱਗਾ ਹੈ ਕਿ ਘੱਗਰ ਦਾ ਪੁੱਲ ਪੰਜਾਬ ਦੇ ਏਰੀਏ ਵਿੱਚ ਆਉਂਦਾ ਹੈ ਤਾਂ ਉਹ ਪੰਜਾਬ ਸਰਕਾਰ ਨਾਲ ਗੱਲਬਾਤ ਕਰਨਗੇ ਕਿ ਹਰਿਆਣਾ ਪੁਲਿਸ ਪ੍ਰਸ਼ਾਸਨ ਵੱਲੋਂ ਪੰਜਾਬ ਏਰੀਏ ਵਿੱਚ ਬੈਰੀਕੇਟਿੰਗ ਕਿਉਂ ਕੀਤੀ ਗਈ ਹੈ। ਜਿਸ ਸਬੰਧੀ ਹਾਈਕੋਰਟ ਅਤੇ ਸੁਪਰੀਮ ਕੋਰਟ ਵਿੱਚ ਲੀਗਲ ਨੋਟਿਸ ਲੈਣ ਅਤੇ ਕਾਰਵਾਈ ਕਰਨ। ਅਸੀਂ ਦਿੱਲੀ ਜਾਣ ਵਾਲੇ ਫੈਸਲੇ ’ਤੇ ਕਾਇਮ ਹਾਂ ਜਦੋਂ ਤੱਕ ਸਰਕਾਰ ਸਾਡੇ ਮਸਲੇ ਦਾ ਹੱਲ ਨਹੀ ਕਰ ਦਿੰਦੀ। ਸਾਨ ਆਗੂਆਂ ਨੇ ਕਿਹਾ ਕਿ ਇਸ ਅੰਦੋਲਨ ਦੌਰਾਨ ਇੱਕ ਕਿਸਾਨ ਸ਼ਹੀਦ ਹੋ ਗਿਆ ਹੈ। ਸਰਕਾਰ ਨਾਲ ਗੱਲਬਾਤ ਤੈਅ ਹੋਣ ਤੋਂ ਬਾਅਦ ਹੀ ਕਿਸਾਨ ਦਾ ਸਸਕਾਰ ਕੀਤਾ ਜਾਵੇਗਾ।
ਇਸ ਮੌਕੇ ਭਾਰਤੀ ਕਿਸਾਨ ਮਜਦੂਰ ਯੂਨੀਅਨ ਪੰਜਾਬ ਦੇ ਕੌਮੀ ਪ੍ਰਧਾਨ ਮਨਜੀਤ ਸਿੰਘ ਘੁਮਾਣਾ, ਸੂਬਾ ਜਨਰਲ ਸਕੱਤਰ ਬਲਕਾਰ ਸਿੰਘ ਬੈਂਸ, ਪ੍ਰੈਸ ਸਕੱਤਰ ਜ਼ਸਵੀਰ ਸਿੰਘ ਚੰਦੂਆ, ਦਲਜੀਤ ਸਿੰਘ ਚਮਾਰੂ ਸਮੇਤ ਵੱਡੀ ਗਿਣਤੀ ’ਚ ਕਿਸਾਨ ਆਗੂ ਹਾਜ਼ਰ ਸਨ।
Farmers Protest: ਸ਼ੰਭੂ ਬਾਰਡਰ ’ਤੇ ਦਿਨੇ ਰਹੀ ਸ਼ਾਂਤੀ ਤੇ ਹਨੇਰੇ ’ਚ ਚੱਲੀਆਂ ਗੋਲ਼ੀਆਂ