ਪਾਤੜਾਂ: ਸੰਯੁਕਤ ਕਿਸਾਨ ਮੋਰਚਾ (ਗ਼ੈਰ ਰਾਜਨੀਤਿਕ) ਵੱਲੋਂ ਦਿੱਲੀ ਦੇ ਕਿਸਾਨ ਅੰਦੋਲਨ ਮੌਕੇ ਕੇਂਦਰ ਸਰਕਾਰ ਵੱਲੋਂ ਮੰਗੀਆਂ ਗਈਆਂ ਮੰਗਾਂ ਸਬੰਧੀ ਅਪਣਾਈ ਗਈ ਵਾਅਦਾ ਖ਼ਿਲਾਫ਼ੀ ਦੀ ਨੀਤੀ ਵਿਰੁੱਧ 13 ਫਰਵਰੀ ਨੂੰ ਮੁੜ ਦਿੱਲੀ ਕੂਚ ਕਰਨ ਦੇ ਕੀਤੇ ਗਏ ਐਲਾਨ ਨੂੰ ਲੈ ਕੇ ਕਿਸਾਨਾਂ ਨੂੰ ਰੋਕਣ ਦੇ ਮਕਸਦ ਨਾਲ ਹਰਿਆਣਾ ਪੁਲਿਸ ਵੱਲੋਂ ਸਖ਼ਤ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਦੌਰਾਨ ਹਰਿਆਣਾ ਦੇ ਜ਼ਿਲ੍ਹਾ ਜੀਂਦ ਦੀ ਪੁਲਿਸ ਵੱਲੋਂ ਦਿੱਲੀ-ਸੰਗਰੂਰ ਕੌਮੀ ਮੁੱਖ ਮਾਰਗ ਸੀਲ ਕਰ ਦਿੱਤਾ ਗਿਆ ਹੈ। Haryana Police ਵੱਲੋਂ ਕਿਸਾਨਾਂ ਨੂੰ ਰੋਕਣ ਲਈ ਵੱਡੇ ਪੱਧਰ ‘ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਬਾਰਡਰ ‘ਤੇ ਦੋਵੇਂ ਪਾਸੇ ਹਰੇ ਪਰਦੇ ਲਗਾ ਕੇ ਪ੍ਰਸ਼ਾਸਨ ਵੱਲੋਂ ਕਿਸਾਨਾਂ ਅੱਗੇ ਰੋਕਾਂ ਲਗਾਉਣ ਦੀਆਂ ਤਿਆਰੀਆਂ ਜੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ। ਇਸ ਦੇ ਨਾਲ ਹੀ ਮੀਡੀਆ ਕਰਮੀਆਂ ਕਿਸੇ ਨੂੰ ਵੀ ਨੇੜੇ ਫਰਕਣ ਨਹੀਂ ਦਿੱਤਾ ਜਾ ਰਿਹਾ।
ਜਾਣਕਾਰੀ ਅਨੁਸਾਰ ਦਿੱਲੀ-ਸੰਗਰੂਰ ਕੌਮੀ ਮੁੱਖ ਮਾਰਗ ਨੂੰ Haryana Police ਵੱਲੋਂ ਸੀਲ ਕਰ ਦਿੱਤੇ ਜਾਣ ਕਰਕੇ ਜਿੱਥੇ ਦਿੱਲੀ ਜਾਣ ਵਾਲੇ ਰਾਹਗੀਰਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਪੰਜਾਬ ਦੇ ਪੁਲਿਸ ਪ੍ਰਸ਼ਾਸਨ ਵੱਲੋਂ ਹਲਕੇ ਵਾਹਨਾਂ ਨੂੰ ਆਵਾਜਾਈ ਲਈ ਪੇਂਡੂ ਰਸਤਿਆਂ ਰਾਹੀਂ ਭੇਜਿਆ ਜਾ ਰਿਹਾ ਹੈ। ਹਰਿਆਣਾ ਪੁਲਿਸ ਵੱਲੋਂ ਲਗਾਈਆਂ ਗਈਆਂ ਰੋਕਾਂ ਦੇ ਚੱਲਦਿਆਂ ਪੰਜਾਬ ਪੁਲਿਸ ਵੱਲੋਂ ਵੀ ਭਾਰੀ ਵਾਹਨਾਂ ਨੂੰ ਰੋਕ ਦਿੱਤਾ ਗਿਆ ਹੈ। ਜਿਸ ਕਰਕੇ ਪੰਜਾਬ ਹਰਿਆਣਾ ਹੱਦ ‘ਤੇ ਸਥਿਤ ਪਿੰਡ ਢਾਬੀ ਗੁੱਜਰਾਂ ਦੇ ਨਜ਼ਦੀਕ ਟਰੱਕਾਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਲੱਗ ਚੁੱਕੀਆਂ ਹਨ।