ਮਾਹਿਲਪੁਰ : ਥਾਣਾ ਮਾਹਿਲਪੁਰ ਦੀ ਪੁਲਿਸ ਨੇ ਪਰਾਲੀ ਨੂੰ ਅੱਗ ਲਾਉਣ ਦੇ ਦੋਸ਼ ਹੇਠ ਚਾਰ ਅਣਪਛਾਤੇ ਵਿਅਕਤੀਆਂ ਅਤੇ ਇੱਕ ਔਰਤ ਸਮੇਤ ਸੱਤ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੇ ਬਿਆਨ ‘ਚ ਪੀੜਤ ਮੁਹੰਮਦ ਹਨੀਫ਼ ਵਾਸੀ ਬੀਡੀਓ ਕਲੋਨੀ ਵਾਰਡ ਨੰਬਰ 11 ਮਾਹਿਲਪੁਰ ਨੇ ਦੱਸਿਆ ਕਿ ਉਸ ਦੇ ਇਲਾਕੇ ਵਿਚ ਕੁਝ ਵਿਅਕਤੀ ਖੁੱਲ੍ਹੇਆਮ ਨਸ਼ੇ ਦਾ ਕਾਰੋਬਾਰ ਕਰਦੇ ਹਨ। ਉਕਤ ਨਸ਼ਾ ਤਸਕਰਾਂ ਦੇ ਨਾਲ-ਨਾਲ ਇਕ ਔਰਤ ਵੀ ਨਸ਼ਾ ਵੇਚਣ ਦਾ ਕੰਮ ਕਰਦੀ ਹੈ। ਹਨੀਫ ਮੁਹੰਮਦ ਨੇ ਦੱਸਿਆ ਕਿ ਸੋਮਵਾਰ ਦੁਪਹਿਰ ਬਲਕਾਰ ਅਤੇ ਲੱਕੀ ਪਾਣੀ ਲੈਣ ਦੇ ਬਹਾਨੇ ਉਸ ਕੋਲ ਆਏ। ਉਹ ਪਾਣੀ ਦੀ ਮੰਗ ਕਰਨ ਲੱਗੇ। ਉਸ ਨੇ ਕਿਹਾ ਕਿ ਜੇਕਰ ਉਹ ਪਾਣੀ ਲੈ ਕੇ ਜਾਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਨਹੀਂ ਮਿਲੇਗਾ ਕਿਉਂਕਿ ਉਹ ਪਾਣੀ ਦੀ ਵਰਤੋਂ ਨਸ਼ਾ ਕਰਨ ਲਈ ਕਰਦੇ ਹਨ। ਇਹ ਸੁਣ ਕੇ ਉਨ੍ਹਾਂ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਧਮਕੀ ਵੀ ਦਿੱਤੀ ਕਿ ਅੱਜ ਰਾਤ ਤੁਹਾਡੇ ਸਾਰੇ ਪਸ਼ੂ ਗਾਇਬ ਕਰ ਦਿੱਤੇ ਜਾਣਗੇ ਅਤੇ ਤੁਹਾਡੀ ਝੌਂਪੜੀ ਤੇ ਪਰਾਲੀ ਨੂੰ ਅੱਗ ਲਗਾ ਦਿੱਤੀ ਜਾਵੇਗੀ।
ਉਸ ਨੇ ਪੂਰੇ ਮਾਮਲੇ ਨੂੰ ਹਲਕੇ ਵਿੱਚ ਲਿਆ ਅਤੇ ਇਸ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਹਨੀਫ਼ ਨੇ ਦੱਸਿਆ ਕਿ ਬੀਤੀ ਸ਼ਾਮ ਜਦੋਂ ਉਹ ਕਿਸੇ ਜ਼ਰੂਰੀ ਕੰਮ ਲਈ ਘਰੋਂ ਬਾਹਰ ਪਿੰਡ ਗਿਆ ਸੀ ਤਾਂ ਰਾਤ ਕਰੀਬ ਦਸ ਵਜੇ ਉਸ ਨੂੰ ਫ਼ੋਨ ’ਤੇ ਸੂਚਨਾ ਮਿਲੀ ਕਿ ਕੁਝ ਵਿਅਕਤੀ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਅਤੇ ਉਸ ਦੀ ਪਰਾਲੀ ਨੂੰ ਅੱਗ ਲਗਾ ਕੇ ਫ਼ਰਾਰ ਹੋ ਗਏ। ਘਰ ਪਹੁੰਚਣ ਤੋਂ ਪਹਿਲਾਂ ਹੀ ਲੋਕਾਂ ਨੇ ਫਾਇਰ ਬ੍ਰਿਗੇਡ ਹੁਸ਼ਿਆਰਪੁਰ ਨੂੰ ਫੋਨ ਕਰ ਦਿੱਤਾ ਸੀ। ਪਰ ਇਸ ਤੋਂ ਪਹਿਲਾਂ ਕਿ ਫਾਇਰ ਬ੍ਰਿਗੇਡ ਮੌਕੇ ’ਤੇ ਪਹੁੰਚਦੀ, ਸਾਰੀ ਪਰਾਲੀ ਸੜ ਕੇ ਸੁਆਹ ਹੋ ਗਈ।
ਪਰਾਲੀ ਨੂੰ ਅੱਗ ਲੱਗਣ ਕਾਰਨ ਕਰੀਬ ਦੋ ਲੱਖ ਰੁਪਏ ਦਾ ਨੁਕਸਾਨ
ਹਨੀਫ਼ ਮੁਹੰਮਦ ਨੇ ਅੱਖਾਂ ਵਿੱਚ ਹੰਝੂ ਲੈਂਦਿਆਂ ਦੱਸਿਆ ਕਿ ਉਸ ਨੇ ਨੇੜਲੇ ਕਰੀਬ ਪੱਚੀ ਪਿੰਡਾਂ ਤੋਂ ਪਰਾਲੀ ਦੀ ਖਰੀਦ ਕੀਤੀ ਸੀ ਤਾਂ ਜੋ ਉਸ ਦੇ ਪਸ਼ੂਆਂ ਨੂੰ ਚਾਰਾ ਮਿਲ ਸਕੇ। ਪਰ ਨਸ਼ਾ ਤਸਕਰਾਂ ਨੇ ਉਸ ਦੀ ਸਾਰੀ ਪਰਾਲੀ ਸਾੜ ਕੇ ਨਾ ਸਿਰਫ਼ ਉਸ ਦਾ ਕਰੀਬ 2 ਲੱਖ ਰੁਪਏ ਦਾ ਨੁਕਸਾਨ ਕੀਤਾ ਹੈ ਸਗੋਂ ਉਸ ਦੇ ਪਸ਼ੂਆਂ ਨੂੰ ਵੀ ਭੁੱਖੇ ਰਹਿਣ ਲਈ ਮਜਬੂਰ ਕਰ ਦਿੱਤਾ ਹੈ।
ਵੱਡੇ ਪੱਧਰ ’ਤੇ ਕਰਦੇ ਹਨ ਨਸ਼ਾ ਵੇਚਣ ਦਾ ਧੰਦਾ
ਗੱਲਬਾਤ ਕਰਦੇ ਹੋਏ ਹਨੀਫ ਮੁਹੰਮਦ ਨੇ ਦੱਸਿਆ ਕਿ ਮਹਿਲਾ ਸਮੇਤ ਸਾਰੇ ਦੋਸ਼ੀ ਇਲਾਕੇ ’ਚ ਵੱਡੇ ਪੱਧਰ’ਤੇ ਨਸ਼ਾ ਵੇਚਣ ਦਾ ਧੰਦਾ ਕਰਦੇ ਹਨ। ਇਸ ਤੋਂ ਪਹਿਲਾਂ ਵੀ ਉਸ ਦੀਆਂ ਸ਼ਿਕਾਇਤਾਂ ਪੁਲਿਸ ਕੋਲ ਜਾ ਚੁੱਕੀਆਂ ਹਨ।
ਕਾਨੂੰਨ ਦਾ ਵੀ ਉਡਾਇਆ ਮਜ਼ਾਕ
ਹਨੀਫ ਮੁਹੰਮਦ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਡੀਸੀ ਹੁਸ਼ਿਆਰਪੁਰ ਨੇ ਪਰਾਲੀ ਸਾੜਨ ’ਤੇ ਪੂਰਨ ਪਾਬੰਦੀ ਲਗਾਈ ਹੋਈ ਹੈ। ਸਰਕਾਰ ਵੱਲੋਂ ਪਰਾਲੀ ਨਾ ਸਾੜਨ ਲਈ ਜਾਗਰੂਕਤਾ ਕੈਂਪ ਵੀ ਲਗਾਏ ਜਾਂਦੇ ਹਨ। ਪਰ ਉਕਤ ਦੋਸ਼ੀਆਂ ਨੇ ਪੰਜਾਬ ਸਰਕਾਰ ਦੇ ਹੁਕਮਾਂ ਦਾ ਵੀ ਮਜ਼ਾਕ ਉਡਾਇਆ ਹੈ।
ਕੀ ਕਹਿੰਦੇ ਹਨ ਥਾਣਾ ਇੰਚਾਰਜ ਮਾਹਿਲਪੁਰ
ਜਦੋਂ ਇਸ ਸਬੰਧੀ ਥਾਣਾ ਮਾਹਿਲਪੁਰ ਦੇ ਇੰਚਾਰਜ ਇੰਸਪੈਕਟਰ ਬਲਵਿੰਦਰ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਪਰਾਲੀ ਸਾੜਨ ਦੀ ਸ਼ਕਿਾਇਤ ਮਿਲੀ ਸੀ, ਜਿਸ ’ਤੇ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਸੀਮਾ ਨੂੰ ਗ੍ਰਿਫਤਾਰ ਕਰ ਲਿਆ। ਪਤੀ ਬਲਕਾਰ ਅਤੇ ਲੱਕੀ ਤਿੰਨੋਂ ਵਾਸੀ ਬੀ.ਡੀ.ਓ ਕਲੋਨੀ ਵਾਰਡ ਨੰ.11 ਮਾਹਿਲਪੁਰ ਸਮੇਤ ਚਾਰ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।