ਪਿਛਲੇ ਕਾਫੀ ਸਮੇਂ ਤੋਂ ਮਾਡਰਨ ਜੇਲ੍ਹ ਕਪੂਰਥਲਾ ‘ਚ ਬੰਦ ਗੈਂਗਸਟਰ Jaggu Bhagwanpuria ਤੇ ਉਸ ਦੇ ਸਾਥੀਆਂ ਨੂੰ ਸੁਰੱਖਿਆ ਕਾਰਨਾਂ ਕਰਕੇ ਬਠਿੰਡਾ ਜੇਲ੍ਹ ‘ਚ ਤਬਦੀਲ ਕਰ ਦਿੱਤਾ ਗਿਆ ਹੈ। ਇਸ ਸਬੰਧੀ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਵਕੀਲ ਵੱਲੋਂ ਜੇਲ੍ਹ ਪ੍ਰਸ਼ਾਸਨ ਅਤੇ ਪੰਜਾਬ ਦੇ ਡੀਜੀਪੀ ਨੂੰ ਕਾਨੂੰਨੀ ਨੋਟਿਸ ਵੀ ਭੇਜਿਆ ਗਿਆ ਹੈ।
Jaggu Bhagwanpuria ਖਿਲਾਫ ਇਕ ਹੋਰ ਮਾਮਲਾ ਦਰਜ
ਦੂਜੇ ਪਾਸੇ ਮਾਡਰਨ ਜੇਲ੍ਹ ਕਪੂਰਥਲਾ ‘ਚ ਸਾਥੀ ਕੈਦੀਆਂ ਨਾਲ ਬਹਿਸ ਕਰਨ ਤੇ ਗੁੱਸੇ ‘ਚ ਜੇਲ੍ਹ ਵਿੱਚ ਬੰਦ ਐਲਸੀਡੀ ਤੋੜਨ ਦੇ ਦੋਸ਼ ‘ਚ ਜੱਗੂ ਖਿਲਾਫ਼ ਹਾਲ ਹੀ ‘ਚ ਥਾਣਾ ਕੋਤਵਾਲੀ ਨਵਾਂ ਕੇਸ ਦਰਜ ਕੀਤਾ ਗਿਆ ਹੈ। ਇਸ ਤੋਂ ਬਾਅਦ ਜੱਗੂ ਭਗਵਾਨਪੁਰੀਆ ਅਤੇ ਉਸ ਦੇ 5 ਹੋਰ ਸਾਥੀਆਂ ਨੂੰ ਬਠਿੰਡਾ ਕੇਂਦਰੀ ਜੇਲ੍ਹ ਭੇਜ ਦਿੱਤਾ ਗਿਆ ਹੈ। ਇਸ ਪਿੱਛੇ ਪ੍ਰਬੰਧਕੀ ਕਾਰਨ ਵੀ ਦੱਸੇ ਜਾ ਰਹੇ ਹਨ।
Jaggu Bhagwanpuria ਨੇ ਬਠਿੰਡਾ ਜੇਲ੍ਹ ਵਿੱਚ ਸ਼ਿਫਟ ਨਾ ਕਰਨ ਦੀ ਅਪੀਲ ਕੀਤੀ
ਜਾਣਕਾਰੀ ਅਨੁਸਾਰ ਜੱਗੂ ਭਗਵਾਨਪੁਰੀਆ ਨੇ ਪੰਜ ਮਹੀਨੇ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਸੀ। ਇਸ ਵਿੱਚ ਉਸ ਨੂੰ ਬਠਿੰਡਾ ਜੇਲ੍ਹ ‘ਚ ਸ਼ਿਫਟ ਨਾ ਕਰਨ ਦੀ ਅਪੀਲ ਕੀਤੀ ਸੀ।
ਪਟੀਸ਼ਨ ‘ਚ ਉਸ ਨੇ ਕਿਹਾ ਸੀ ਕਿ ਜੇਕਰ ਉਸ ਨੂੰ ਸ਼ਿਫਟ ਕੀਤਾ ਗਿਆ ਤਾਂ ਉਸ ਦੀ ਜਾਨ ਨੂੰ ਖਤਰਾ ਹੋ ਜਾਵੇਗਾ। ਪਟੀਸ਼ਨ ਵਿੱਚ ਜਗਦੀਪ ਸਿੰਘ ਉਰਫ ਜੱਗੂ ਭਗਵਾਨਪੁਰੀਆ ਨੇ ਦਾਅਵਾ ਕੀਤਾ ਸੀ ਕਿ ਲਾਰੈਂਸ ਬਿਸ਼ਨੋਈ, ਗੁਰਪ੍ਰੀਤ ਸੇਖੋਂ, ਦਿਲਪ੍ਰੀਤ ਬਾਵਾ, ਨੀਟਾ ਦਿਓਲ ਅਤੇ ਹੋਰ ਗੈਂਗਸਟਰਾਂ ਤੋਂ ਉਸ ਦੀ ਜਾਨ ਨੂੰ ਖਤਰਾ ਹੈ।