Jalandhar Death News : ਦੋ ਦਿਨ ਦੇ ਬੱਚੇ ਤੇ ਮਾਂ ਨੂੰ ਕੜਾਕੇ ਦੀ ਠੰਢ ’ਚ ਕਮਰੇ ਤੋਂ ਬਾਹਰ ਕੱਢਣ ਕਾਰਨ ਬੱਚੇ ਦੀ ਮੌਤ ਦੇ ਮਾਮਲੇ ’ਚ ਲਾਸ਼ ਪੋਸਟਮਾਰਟਮ ਲਈ ਸ਼ਮਸ਼ਾਨਘਾਟ ’ਚੋਂ ਕਢਵਾਈ ਗਈ। ਸ਼ੁੱਕਰਵਾਰ ਨੂੰ ਐੱਸਡੀਐੱਮ ਨਕੋਦਰ, ਨਾਇਬ ਤਹਿਸੀਦਾਰ ਫਿਲੌਰ ਤੇ ਜਾਂਚ ਅਧਿਕਾਰੀ ਦੀ ਮੌਜੂਦਗੀ ’ਚ ਦਫਨਾਈ ਗਈ ਲਾਸ਼ ਬਾਹਰ ਕੱਢ ਕੇ ਸਿਵਲ ਹਸਪਤਾਲ ਭੇਜੀ ਗਈ। ਸ਼ਨਿੱਚਰਵਾਰ ਨੂੰ ਡਾਕਟਰਾਂ ਦਾ ਪੈਨਲ ਲਾਸ਼ ਦਾ ਪੋਸਟਮਾਰਟਮ ਕਰੇਗਾ। ਅਦਾਲਤ ਨੇ ਬੱਚੇ ਦੀ ਮਾਂ ਦੀ ਸਹਿਮਤੀ ਤੋਂ ਬਾਅਦ ਲਾਸ਼ ਦੇ ਪੋਸਟਮਾਰਟਮ ਦਾ ਆਦੇਸ਼ ਦਿੱਤਾ ਹੈ। ਪੀੜਤ ਮਾਂ ਸੰਗੀਤਾ ਨੂੰ ਇਨਸਾਫ ਦਿਵਾਉਣ ਲਈ ਸਮਾਜ ਸੇਵੀ ਐਡਵੋਕੇਟ ਸੁਨੀਲ ਮੱਲ੍ਹਣ ਤੇ ਕ੍ਰਿਸ਼ਨ ਲਾਲ ਨੇ ਅਦਾਲਤ ’ਚ ਪਟੀਸ਼ਨ ਦਾਇਰ ਕੀਤੀ ਸੀ।
ਅਦਾਲਤ ਦੇ ਆਦੇਸ਼ਾਂ ਦਾ ਪਾਲਣ ਕਰਦੇ ਹੋਏ ਐੱਸਡੀਐੱਮ ਨਕੋਦਰ ਗੁਰਸਿਮਰਨ ਸਿੰਘ ਢਿੱਲੋਂ, ਨਾਇਬ ਤਹਿਸੀਲਦਾਰ ਸੁਨੀਤਾ ਖੁੱਲਰ ਤੇ ਅੱਪਰਾ ਚੌਕੀ ਇੰਚਾਰਜ ਸੁਖਵਿੰਦਰ ਸਿੰਘ ਨੇ ਸ਼ੁੱਕਰਵਾਰ ਸ਼ਾਮ 5 ਵਜੇ ਸ਼ਮਸ਼ਾਨਘਾਟ ਪੁੱਜ ਕੇ ਲਾਸ਼ ਕਬਰ ’ਚੋਂ ਬਾਹਰ ਕੱਢਵਾਈ। ਸਾਲੀ ਨਾਲ ਇਕਪਾਸੜ ਪਿਆਰ ’ਚ ਮੁਲਜ਼ਮ ਪਤਨੀ ਉਤੇ ਸਾਲੀ ਨਾਲ ਵਿਆਹ ਕਰਵਾਉਣ ਦਾ ਦਬਾਅ ਬਣਾ ਰਿਹਾ ਸੀ। ਜਿੱਦ ਪੂਰੀ ਨਾ ਹੁੰਦੀ ਦੇਖ ਕੇ ਮੁਲਜ਼ਮ ਨੇ ਪਤਨੀ ਤੇ ਦੋ ਦਿਨ ਦੇ ਬੱਚੇ ਨੂੰ ਕੜਾਕੇ ਦੀ ਠੰਢ ’ਚ ਕਮਰੇ ਤੋਂ ਬਾਹਰ ਕੱਢ ਦਿੱਤਾ ਸੀ ਅਤੇ ਕਿਸੇ ਨੇ ਉਸ ਨੂੰ ਬਿਸਤਰਾ ਤੇ ਕੰਬਲ ਤਕ ਨਹੀਂ ਦਿੱਤਾ। ਦੋ ਦਿਨ ਔਰਤ ਆਪਣੇ ਬੱਚੇ ਨੂੰ ਲੈ ਕੇ ਠੰਢ ’ਚ ਬਾਹਰ ਬੈਠੀ ਰਹੀ, ਜਿਸ ਕਾਰਨ ਬੱਚੇ ਦੀ ਮੌਤ ਹੋ ਗਈ। ਘਟਨਾ ਦੇ ਬਾਅਦ ਮੁਲਜ਼ਮ ਨੇ ਬੱਚੇ ਨੂੰ ਦਫਨਾ ਦਿੱਤਾ। ਕਾਫੀ ਰੌਲਾ ਪੈਣ ਤੋਂ ਬਾਅਦ ਚੌਕੀ ਅੱਪਰਾ ’ਚ ਮੁਲਜ਼ਮ ਖ਼ਲਿਾਫ ਕੇਸ ਦਰਜ ਕੀਤਾ ਗਿਆ ਪਰ 16 ਦਿਨ ਬੀਤਣ ਉਪਰੰਤ ਵੀ ਮੁਲਜ਼ਮ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ।
19 ਦਸੰਬਰ ਨੂੰ ਫਿਲੌਰ ਦੇ ਨੇੜਲੇ ਪਿੰਡ ਚੱਕ ਸਾਹਬੂ ’ਚ ਹੋਈ ਘਟਨਾ ਤੋਂ ਬਾਅਦ ਹੀ ਪੀੜਤ ਔਰਤ ਸੰਗੀਤਾ ਦੀ ਹਾਲਤ ’ਚ ਸੁਧਾਰ ਨਹੀਂ ਆਇਆ। ਭੈਣ ’ਤੇ ਹੋਏ ਅੱਤਿਆਚਾਰ ਖ਼ਲਿਾਫ ਕਮਲੇਸ਼ ਨੇ ਮੁਲਜ਼ਮ ਜੀਜੇ ਵਿਰੁੱਧ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ। ਪੀੜਤ ਸੰਗੀਤਾ ਨਾਲ ਹੋਏ ਅੱਤਿਆਚਾਰ ਤੋਂ ਬਾਅਦ ਸਮਾਜ ਸੇਵੀ ਐਡਵੋਕੇਟ ਸੁਨੀਲ ਮੱਲ੍ਹਣ ਨੇ ਬੱਚੇ ਦਾ ਪੋਸਟਮਾਰਟਮ ਕਰਵਾਉਣ ਲਈ ਅਦਾਲਤ ’ਚ ਅਪੀਲ ਕੀਤੀ ਸੀ।