Jalandhar Encounter: ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਨਕੋਦਰ ਰੋਡ ‘ਤੇ ਸਥਿਤ ਗੁਲ ਮਿਹਰ ਐਵੇਨਿਊ ਲਾਗੇ ਮੁਕਾਬਲਾ ਹੋਇਆ ਜਿਸ ਵਿਚ ਦੋ ਗੈਂਗਸਟਰਾਂ ਨੂੰ ਗੋਲ਼ੀ ਲੱਗਣ ਦੀ ਸੂਚਨਾ ਹੈ। ਜ਼ਖ਼ਮੀ ਹਾਲਤ ਵਿੱਚ ਗੈਂਗਸਟਰਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਪੂਰਾ ਇਲਾਕਾ ਛਾਉਣੀ ‘ਚ ਤਬਦੀਲ ਹੋ ਗਿਆ। ਦੋਵੇਂ ਗੈਂਗਸਟਰ ਕਤਲ, ਸੁਪਾਰੀ ਕਿਲਿੰਗ ਤੇ ਨਸ਼ੇ ਦੀ ਤਸਕਰੀ ਵਿਚ ਸ਼ਾਮਲ ਸਨ।
ਜਾਣਕਾਰੀ ਅਨੁਸਾਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਮੈਂਬਰ ਇਸ ਵੇਲੇ ਨਕੋਦਰ ਰੋਡ ‘ਤੇ ਸਥਿਤ ਗੁਲਮੇਹਰ ਐਵਨਿਊ ਲਾਗੇ ਮੌਜੂਦ ਹਨ ਜਿਸ ‘ਤੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਉਕਤ ਥਾਂ ‘ਤੇ ਘੇਰਾ ਪਾ ਲਿਆ। ਪੁਲਿਸ ਪਾਰਟੀ ਨੂੰ ਦੇਖਦੇ ਹੀ ਗੈਂਗਸਟਰਾਂ ਵੱਲੋਂ ਗੋਲ਼ੀਆਂ ਚਲਾਈਆਂ ਗਈਆਂ। ਪੁਲਿਸ ਵੱਲੋਂ ਚਲਾਈਆਂ ਗਈਆਂ ਗੋਲ਼ੀਆਂ ‘ਚ ਦੋਵੇਂ ਗੈਂਗਸਟਰ ਜ਼ਖ਼ਮੀ ਹੋ ਗਏ ਹਨ ਜਿਨ੍ਹਾਂ ਨੂੰ ਕਾਬੂ ਕਰ ਕੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
ਫੜੇ ਗਏ ਗੈਂਗਸਟਰਾਂ ਦੇ ਨਿਸ਼ਾਨੇ ‘ਤੇ ਸਨ 2 ਲੋਕ, ਦੋਵਾਂ ਕੋਲੋਂ ਦੋ ਪਿਸਤੌਲ ਬਰਾਮਦ
ਐਤਵਾਰ ਸਵੇਰੇ ਗੁਲਮੋਹਰ ਕਲੋਨੀ ਵਿੱਚ ਹੋਈ ਮੁੱਠਭੇੜ ਤੋਂ ਬਾਅਦ ਪੁਲਿਸ ਵੱਲੋਂ ਜ਼ਖਮੀ ਹਾਲਤ ‘ਚ ਗ੍ਰਿਫਤਾਰ ਕੀਤੇ ਗਏ ਦੋਵੇਂ ਗੈਂਗਸਟਰ ਸ਼ਹਿਰ ‘ਚ ਦੋ ਲੋਕਾਂ ਨੂੰ ਟਾਰਗੇਟ ਬਣਾਉਣ ਲਈ ਘੁੰਮ ਰਹੇ ਸਨ। ਇਹ ਟਾਰਗੇਟ ਉਨ੍ਹਾਂ ਨੂੰ ਅਮਰੀਕਾ ਬੈਠੇ ਗੈਂਗਸਟਰ ਲੱਕੀ ਵੱਲੋਂ ਦਿੱਤਾ ਗਿਆ ਸੀ। ਫੜੇ ਗਏ ਗੈਂਗਸਟਰ ਨਿਤਿਨ ਵਾਸੀ ਜਲੰਧਰ ਤੇ ਅਸ਼ੀਸ਼ ਵਾਸੀ ਬੁੱਲੋਵਾਲ ਹੁਸ਼ਿਆਰਪੁਰ ਹਨ ਜਿਨ੍ਹਾਂ ਖਿਲਾਫ 10 ਤੋਂ ਵੱਧ ਮਾਮਲੇ ਵੱਖ-ਵੱਖ ਥਾਣਿਆਂ ਵਿੱਚ ਦਰਜ ਹਨ।
ਸਵੇਰੇ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਸਰਿੰਦਰ ਕੁਮਾਰ ਨੂੰ ਸੂਚਨਾ ਮਿਲੀ ਸੀ ਕਿ ਉਕਤ ਦੋਵੇਂ ਗੈਂਗਸਟਰ ਗੁਲਮੋਹਕ ਕਲੋਨੀ ਲਾਗੇ ਇੱਕ ਗੱਡੀ ‘ਚ ਘੁੰਮ ਰਹੇ ਹਨ ਜਿਨ੍ਹਾਂ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਪਾਰਟੀ ਨੇ ਉਕਤ ਇਲਾਕੇ ਨੂੰ ਘੇਰਾ ਪਾ ਲਿਆ। ਜਦ ਪੁਲਿਸ ਪਾਰਟੀ ਗੈਂਗਸਟਰਾਂ ਲਾਗੇ ਪਹੁੰਚੀ ਤਾਂ ਉਨ੍ਹਾਂ ਗੋਲ਼ੀਆਂ ਚਲਾਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਤੋਂ ਬਾਅਦ ਪੁਲਿਸ ਵੱਲੋਂ ਜਵਾਬੀ ਗੋਲ਼ੀਬਾਰੀ ‘ਚ ਦੋਵੇਂ ਗੈਂਗਸਟਰ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਜਦਕਿ ਥਾਣੇਦਾਰ ਏਐਸਆਈ ਨਿਸ਼ਾਨ ਸਿੰਘ ਦੇ ਪੱਗ ਬੱਝੀ ਹੋਣ ਕਾਰਨ ਗੋਲ਼ੀ ਪੱਗ ‘ਤੇ ਲੱਗੀ ਜਿਸ ਨਾਲ ਉਹ ਵਾਲ-ਵਾਲ ਬਚ ਗਏ। ਫਿਲਹਾਲ ਦੋਵਾਂ ਗੈਂਗਸਟਰਾਂ ਨੂੰ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਪੁਲਿਸ ਦਾ ਸਖਤ ਪਹਿਰਾ ਲਗਾਇਆ ਗਿਆ ਹੈ।