Jalandhar News: ਥਾਣਾ ਭਾਰਗੋ ਕੈਂਪ ਅਧੀਨ ਪੈਂਦੇ ਮਾਡਲ ਹਾਊਸ ‘ਚ ਚੋਰਾਂ ਨੇ ਘਰ ਦੇ ਬਾਹਰ ਖੜ੍ਹੀ ਕਾਰ ਚੋਰੀ ਕਰ ਲਈ। ਚੋਰੀ ਬਾਰੇ ਸਵੇਰੇ ਮਾਲਕ ਨੂੰ ਉਸ ਵੇਲੇ ਪਤਾ ਲੱਗਾ ਜਦੋਂ ਉਹ ਘਰ ਦੇ ਬਾਹਰ ਆਇਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਲਕਸ਼ਮੀ ਨਰਾਇਣ ਮੰਦਰ ਨੇੜੇ ਮਾਡਲ ਹਾਊਸ ਵਾਸੀ ਮੁਹੰਮਦ ਸਲੀਮ ਜੋ ਬਿਲਡਿੰਗ ਠੇਕੇਦਾਰੀ ਦਾ ਕੰਮ ਕਰਦਾ ਹੈ, ਨੇ ਦੱਸਿਆ ਕਿ ਉਸ ਨੇ ਵੀਰਵਾਰ ਰਾਤ ਸਮੇਂ ਰੋਜ਼ ਵਾਂਗ ਕਾਰ ਘਰ ਦੇ ਬਾਹਰ ਖੜ੍ਹੀ ਕੀਤੀ ਸੀ।
ਜਦੋਂ ਉਹ ਸ਼ੁੱਕਰਵਾਰ ਸਵੇਰੇ ਘਰ ਦੇ ਬਾਹਰ ਆਇਆ ਤਾਂ ਦੇਖਿਆ ਤਾਂ ਕਾਰ ਗ਼ਾਇਬ ਸੀ। ਜਦੋਂ ਉਸ ਨੇ ਘਰ ‘ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਤਾਂ ਉਸ ਵਿਚ ਰਾਤ ਕਰੀਬ 1.30 ਵਜੇ ਦੋ ਵਿਅਕਤੀਆਂ ਵੱਲੋਂ ਉਸ ਦੀ ਜ਼ੈੱਨ ਕਾਰ ਨੂੰ ਧੱਕਾ ਮਾਰ ਕੇ ਘਰ ਤੋਂ ਥੋੜੀ ਦੂਰ ਲਿਜਾ ਕੇ ਚੋਰੀ ਕੀਤਾ ਗਿਆ ਸੀ। ਇਸ ਸਬੰਧੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ।