Ludhiana News: ਉੱਤਰ ਪ੍ਰਦੇਸ਼ ਦੇ ਅਯੁੱਧਿਆ ‘ਚ ਸਥਾਪਿਤ ਸ਼੍ਰੀ ਰਾਮਲਲਾ ਦੀ ਮੂਰਤੀ ‘ਤੇ ਭੱਦੀ ਟਿੱਪਣੀ ਕਰਨਾ ਇਕ ਵਿਅਕਤੀ ਨੂੰ ਮਹਿੰਗਾ ਸਾਬਤ ਹੋਇਆ। ਪੁਲਿਸ ਨੇ ਉਸ ਖਿਲਾਫ ਮੁਕੱਦਮਾ ਦਰਜ ਕਰ ਕੇ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਸ਼ਿਵ ਸੈਨਾ ਆਗੂ ਵੱਲੋਂ ਦਿੱਤੀ ਸ਼ਿਕਾਇਤ ਤੋਂ ਬਾਅਦ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ।
ਰਾਮਲਲਾ ਦੀ ਮੂਰਤੀ ‘ਤੇ ਕੀਤੀ ਭੱਦੀ ਟਿੱਪਣੀ
ਮੁਲਜ਼ਮ ਤਰਕਸ਼ੀਲ ਸੁਸਾਇਟੀ ਦਾ ਮੈਂਬਰ ਹੈ ਤੇ ਉਸ ਨੇ ਫੇਸਬੁੱਕ ਚੈਨਲ ’ਤੇ ਦਿੱਤੇ ਇੰਟਰਵਿਊ ਦੌਰਾਨ ਉਪਰੋਕਤ ਟਿੱਪਣੀਆਂ ਕੀਤੀਆਂ। ਸ਼ਿਵ ਸੈਨਾ ਪੰਜਾਬ ਦੇ ਚੇਅਰਮੈਨ ਰਾਜੀਵ ਟੰਡਨ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ‘ਚ ਦੱਸਿਆ ਕਿ ਜਦੋਂ ਉਹ ਫੇਸਬੁੱਕ ਚਲਾ ਰਿਹਾ ਸੀ ਤਾਂ ਉਸ ਨੇ ਦੇਖਿਆ ਕਿ ਇਕ ਵੈੱਬ ਚੈਨਲ ‘ਤੇ ਇਕ ਵਿਅਕਤੀ ਸ਼੍ਰੀ ਰਾਮਲਲਾ ਦੀ ਮੂਰਤੀ ‘ਤੇ ਭੱਦੀ ਟਿੱਪਣੀ ਕਰ ਰਿਹਾ ਸੀ ਅਤੇ ਉਸ ‘ਤੇ ਗਲਤ ਕੁਮੈਂਟ ਕਰ ਰਿਹਾ ਸੀ।
ਸੁਰਜੀਤ ਦੌਧਰ ਖਿਲਾਫ ਮਾਮਲਾ ਦਰਜ
ਜਿਸ ਦੀ ਪਛਾਣ ਤਰਕਸ਼ੀਲ ਸੁਸਾਇਟੀ ਦੇ ਪ੍ਰਧਾਨ ਸੁਰਜੀਤ ਦੌਧਰ ਵਜੋਂ ਹੋਈ ਹੈ। ਪੁਲਿਸ ਨੇ ਸੁਰਜੀਤ ਦੌਧਰ ਖ਼ਿਲਾਫ਼ ਥਾਣਾ ਡਵੀਜ਼ਨ ਨੰਬਰ 3 ਵਿੱਚ ਮੁਕੱਦਮਾ ਦਰਜ ਕਰ ਲਿਆ ਹੈ। ਮਾਮਲੇ ਦੇ ਤਫ਼ਤੀਸ਼ੀ ਅਫ਼ਸਰ ਏਐਸਆਈ ਜਸਵੰਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਯਤਨ ਕੀਤੇ ਜਾ ਰਹੇ ਹਨ।
ਰਾਮਲਲਾ ਦੀਆਂ ਅੱਖਾਂ ‘ਤੇ ਕੱਸੇ ਵਿਅੰਗ
ਤੁਹਾਨੂੰ ਦੱਸ ਦੇਈਏ ਕਿ ਸੁਰਜੀਤ ਦੌਧਰ ਨੇ ਦਿੱਤੇ ਇੰਟਰਵਿਊ ‘ਚ ਅਯੁੱਧਿਆ ਦੇ ਵਿਸ਼ਾਲ ਮੰਦਰ ਵਿੱਚ ਸਥਾਪਿਤ ਭਗਵਾਨ ਸ਼੍ਰੀ ਰਾਮਲਲਾ ਦੀ ਮੂਰਤੀ ਨੂੰ ਪੁਰਸ਼ ਰੂਪ ‘ਚ ਹੋਣ ਦੀ ਗੱਲ ਕਹਿੰਦੇ ਹੋਏ ਉਨ੍ਹਾਂ ਦੀਆਂ ਅੱਖਾਂ ਬਾਰੇ ਕੁਮੈੰਟ ਕੀਤੇ ਸਨ ਤੇ ਇਸਦੀਆਂ ਕਈ ਕਲਿੱਪ ਵੱਖ-ਵੱਖ ਇੰਟਰਨੈੱਟ ਮੀਡੀਆ ਪਲੇਟਫਾਰਮ ‘ਤੇ ਵਾਇਰਲ ਹੋ ਰਹੀਆਂ ਹਨ।