Murder in Patran: ਸਬ-ਡਵੀਜ਼ਨ ਪਾਤੜਾਂ ਦੇ ਹਰਿਆਣਾ ਦੀ ਹੱਦ ਨਾਲ ਲੱਗਦੇ ਪਿੰਡ ਚਿੱਚੜਵਾਲਾ ਦੇ ਸ਼ਰਾਬ ਦੇ ਠੇਕੇ ’ਤੇ ਕੰਮ ਕਰਦੇ ਕਰਿੰਦੇ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਵੱਲੋਂ ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ਨਾਲ ਲੱਗਦੇ ਖੇਤਾਂ ਵਿੱਚ ਸੁੱਟ ਦਿੱਤਾ ਗਿਆ।
ਘਟਨਾ ਦਾ ਕਿਸੇ ਨੂੰ ਪਤਾ ਨਾ ਲੱਗਣ ਕਰਕੇ ਖੇਤਾਂ ਵਿੱਚ ਪਈ ਇਸ ਲਾਸ਼ ਨੂੰ ਕੁੱਤੇ ਨੋਚਦੇ ਰਹੇ। ਘਟਨਾ ਦਾ ਪਤਾ ਲੱਗਣ ’ਤੇ ਸ਼ੁਤਰਾਣਾ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਣ ਮਗਰੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਭੇਜਣ ਉਪਰੰਤ ਅਣਪਛਾਤੇ ਵਿਅਕਤੀਆਂ ਵਿਰੁੱਧ ਕਤਲ ਦਾ ਕੇਸ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਪੁਲਿਸ ਨੂੰ ਦਿੱਤੇ ਬਿਆਨ ਅਨੁਸਾਰ ਉਜਵਲ ਕੁਮਾਰ ਸਿੰਘ ਪੁੱਤਰ ਰੰਜੇ ਕੁਮਾਰ ਸਿੰਘ ਵਾਸੀ ਡੰਗਰਾਹਾ ਥਾਣਾ ਮਹਿਸੀ ਮੋਤੀਹਾਰੀ (ਬਿਹਾਰ) ਨੇ ਦੱਸਿਆ ਕਿ ਉਸਦੇ ਤਾਏ ਦਾ ਲੜਕਾ ਅਨੀਕੇਤ ਕੁਮਾਰ ਸਿੰਘ (26) ਬਤੌਰ ਸੇਲਜ਼ਮੈਨ ਪੰਜਾਬ ਅਤੇ ਹਰਿਆਣਾ ਬਾਰਡਰ ਪਿੰਡ ਚਿੱਚੜਵਾਲਾ ਵਿਖੇ ਪੈਂਦੇ ਸ਼ਰਾਬ ਦੇ ਠੇਕੇ ’ਤੇ ਨੌਕਰੀ ਕਰਦਾ ਸੀ।
ਇਸ ਦਾ ਕਿਸੇ ਨੇ ਕਤਲ ਕਰਕੇ ਉਸਦੀ ਲਾਸ਼ ਠੇਕੇ ਦੇ ਪਿੱਛੇ ਕਣਕ ਦੇ ਖੇਤਾਂ ਵਿੱਚ ਸੁੱਟ ਦਿੱਤੀ। ਜਿਸ ਦਾ ਪਤਾ ਲੱਗਣ ਤੇ ਉਸਨੇ ਜਦੋਂ ਉਥੇ ਪਹੁੰਚ ਕੇ ਦੇਖਿਆ ਤਾਂ ਲਾਸ਼ ਠੇਕੇ ਦੇ ਪਿੱਛੇ ਖੇਤਾਂ ਵਿਚ ਅੱਧ ਨਗਨ ਹਾਲਤ ਵਿਚ ਪਈ ਹੋਈ ਸੀ ਤੇ ਕੁੱਤਿਆਂ ਵੱਲੋਂ ਉਸ ਦੀ ਲਾਸ਼ ਦਾ ਸਿਰ, ਧੋਣ, ਅੱਖਾਂ ਤੇ ਜਬਾੜਾ ਨੂੰ ਪੂਰੀ ਤਰ੍ਹਾਂ ਖਾਧਾ ਹੋਇਆ ਸੀ। ਤਫਤੀਸ਼ੀ ਅਫਸਰ ਏਐਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਸ਼ੁਤਰਾਣਾ ਪੁਲਿਸ ਵੱਲੋਂ ਇਸ ਅੰਨ੍ਹੇ ਕਤਲ ਦੇ ਮਾਮਲੇ ਵਿੱਚ ਅਣਪਛਾਤੇ ਵਿਅਕਤੀਆਂ ਖ਼ਲਿਾਫ਼ ਕੇਸ ਦਰਜ ਕਰਕੇ ਵੱਖ ਵੱਖ ਪਹਿਲੂਆਂ ’ਤੇ ਪੂਰੀ ਬਾਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ।