Patiala, 30 ਜਨਵਰੀ: ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਬਲੀਦਾਨ ਦਿਵਸ ਮੌਕੇ ਦੇਸ਼ ਦੀ ਆਜ਼ਾਦੀ ਦੇ ਸੰਗਰਾਮ ਵਿੱਚ ਆਪਣਾ ਬਲੀਦਾਨ ਦੇਣ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕਰਨ ਲਈ ਅੱਜ ਇਥੇ ਮਾਲ ਰੋਡ ‘ਤੇ ਰਜਿੰਦਰਾ ਲੇਕ ਵਿਖੇ ਸਥਿਤ ਮਹਾਤਮਾ ਗਾਂਧੀ ਦੇ ਸਮਾਰਕ ‘ਤੇ ਸਹਾਇਕ ਕਮਿਸ਼ਨਰ (ਜ) ਰਵਿੰਦਰ ਸਿੰਘ ਦੀ ਅਗਵਾਈ ਹੇਠ ਸ਼ਰਧਾਂਜਲੀ ਸਮਾਰੋਹ ਹੋਇਆ।
ਇਸ ਮੌਕੇ Patiala ਪੁਲਿਸ ਦੀ ਹਥਿਆਰਬੰਦ ਟੁਕੜੀ ਨੇ ਹਥਿਆਰ ਉਲਟੇ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਦੋ ਮਿੰਟ ਦਾ ਮੌਨ ਰੱਖਿਆ ਗਿਆ। ਸਹਾਇਕ ਕਮਿਸ਼ਨਰ ਰਵਿੰਦਰ ਸਿੰਘ ਨੇ ਮਹਾਤਮਾ ਗਾਂਧੀ ਦੇ ਸਮਾਰਕ ‘ਤੇ ਫੁੱਲ ਮਾਲਾਵਾਂ ਚੜ੍ਹਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।ਉਨ੍ਹਾਂ ਮਹਾਤਮਾ ਗਾਂਧੀ ਸਮੇਤ ਹੋਰਨਾਂ ਸੁਤੰਤਰਤਾ ਸੰਗਰਾਮੀਆਂ ਨੂੰ ਸ਼ਰਧਾਂਜਲੀ ਅਰਪਿਤ ਕਰਦਿਆਂ ਕਿਹਾ ਕਿ ਅੱਜ ਦਾ ਇਹ ਸ਼ਹੀਦੀ ਦਿਹਾੜਾ ਬਹੁਤ ਅਹਿਮ ਦਿਨ ਹੈ, ਕਿਉਂਕਿ ਇਸ ਦਿਨ ਸਮੁੱਚਾ ਦੇਸ਼ ਆਜ਼ਾਦੀ ਸੰਗਰਾਮ ‘ਚ ਆਪਣੀ ਜਾਨ ਦੀ ਆਹੂਤੀ ਪਾਉਣ ਵਾਲਿਆਂ ਨੂੰ ਸਿਜਦਾ ਕਰਦਾ ਹੈ।
ਸਹਾਇਕ ਕਮਿਸ਼ਨਰ (ਜ) ਨੇ ਕਿਹਾ ਕਿ ਮਹਾਤਮਾ ਗਾਂਧੀ ਨੇ ਅਹਿੰਸਾ ਅਤੇ ਨਾਮਿਲਵਰਤਨ ਲਹਿਰ ਦਾ ਸਹਾਰਾ ਲੈਂਦਿਆਂ ਸੁਤੰਤਰਤਾ ਸੰਗਰਾਮ ਦੀ ਅਗਵਾਈ ਕੀਤੀ ਅਤੇ ਉਨ੍ਹਾਂ ਨੇ ਦੇਸ਼ ਦੀ ਧਰਮ ਨਿਰਪੱਖਤਾ, ਏਕਤਾ, ਸ਼ਾਂਤੀ, ਅਖੰਡਤਾ ਤੇ ਆਜ਼ਾਦੀ ਕਾਇਮ ਰੱਖਣ ਲਈ ਆਪਣੀ ਕੁਰਬਾਨੀ ਦਿੱਤੀ। ਰਵਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਉਨ੍ਹਾਂ ਵੱਲੋਂ ਅਹਿੰਸਾ, ਸਵੱਛਤਾ, ਸ਼ਾਂਤੀ ਅਤੇ ਆਪਸੀ ਭਾਈਚਾਰਕ ਸਾਂਝ ਦੇ ਦਿੱਤੇ ਸੰਕਲਪ ਨੂੰ ਪੂਰਾ ਕਰਨ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।
ਸਮਾਰੋਹ ਮੌਕੇ ਜ਼ਿਲ੍ਹਾ ਲੋਕ ਸੰਪਰਕ ਅਫਸਰ ਹਾਕਮ ਥਾਪਰ, ਬਾਗਬਾਨੀ ਵਿਕਾਸ ਅਫਸਰ ਸਿਮਰਨਜੀਤ ਕੌਰ, ਡਿਪਟੀ ਕਮਿਸ਼ਨਰ ਦਫਤਰ ਦੇ ਅਮਲੇ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।