Patiala News: ਪਿੰਡਾਂ ਵਿੱਚ ਘਰੇਲੂ ਗੈਸ ਸਿਲੰਡਰਾਂ ਦੀ ਸਪਲਾਈ ਕਰਨ ਵਾਲੀ ਗੱਡੀ 70 ਦੇ ਕਰੀਬ ਗੈਸ ਸਿਲੰਡਰਾਂ ਸਮੇਤ ਭਾਖੜਾ ਨਹਿਰ ਵਿੱਚ ਜਾ ਡਿੱਗੀ। ਇਸ ਹਾਦਸੇ ਵਿੱਚ ਗੱਡੀ ਦਾ ਫਿਲਹਾਲ ਚਾਲਕ ਲਾਪਤਾ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਆਸ ਪਾਸ ਦੇ ਲੋਕਾਂ ਨੇ ਮੌਕੇ ’ਤੇ ਪਹੁੰਚ ਕੇ ਬਚਾਅ ਦੀਆਂ ਕੋਸ਼ਿਸ਼ਾਂ ਕੀਤੀਆਂ ਪਰ ਹਨੇਰਾ ਹੋ ਜਾਣ ਕਰ ਕੇ ਕੋਈ ਸਫਲਤਾ ਹਾਸਲ ਨਹੀਂ ਹੋ ਸਕੀ। ਐਤਵਾਰ ਸਵੇਰੇ ਗੋਤਾਖੋਰਾਂ ਦੀ ਮਦਦ ਨਾਲ ਭਾਖੜਾ ਨਹਿਰ ਵਿੱਚ ਡਿੱਗੀ ਗੱਡੀ ਨੂੰ ਕੱਢ ਲਿਆ ਗਿਆ ਅਤੇ ਲਾਪਤਾ ਹੋਏ ਗੱਡੀ ਦੇ ਡਰਾਈਵਰ ਦੀ ਗੋਤਾਖੋਰਾਂ ਦੀ ਮਦਦ ਨਾਲ ਭਾਲ ਲਗਾਤਾਰ ਜਾਰੀ ਹੈ।
ਜਾਣਕਾਰੀ ਅਨੁਸਾਰ ਕੌਸ਼ਲ ਐੱਚਪੀ ਗੈਸ ਏਜੰਸੀ ਪਾਤੜਾਂ ਦੀ ਪਿੰਡਾਂ ਵਿੱਚ ਘਰੇਲੂ ਗੈਸ ਸਪਲਾਈ ਕਰਨ ਵਾਲੀ ਗੱਡੀ ਲੈ ਕੇ ਡਰਾਈਵਰ ਗੁਰਦਿੱਤ ਸਿੰਘ ਖਨੌਰੀ ਸਾਈਡ ਦੇ ਪਿੰਡਾਂ ਵਿੱਚ ਗਿਆ ਹੋਇਆ ਸੀ। ਜਦੋਂ ਉਹ ਵਾਪਸੀ ’ਤੇ ਭਾਖੜਾ ਨਹਿਰ ਦੀ ਪਟੜੀ ਰਾਹੀਂ ਖਨੌਰੀ ਤੋਂ ਸ਼ੁਤਰਾਣਾ ਵੱਲ ਆ ਰਿਹਾ ਸੀ ਤਾਂ ਪਿੰਡ ਨਾਈਵਾਲਾ ਦੇ ਨਜ਼ਦੀਕ ਗੱਡੀ ਭਾਖੜਾ ਨਹਿਰ ਵਿੱਚ ਡਿੱਗ ਗਈ। ਥਾਣਾ ਮੁਖੀ ਸ਼ੁਤਰਾਣਾ ਯਸ਼ਪਾਲ ਸ਼ਰਮਾ ਨੇ ਦੱਸਿਆ ਕਿ ਨਹਿਰ ਵਿੱਚ ਡਿੱਗੀ ਗੱਡੀ ਨੂੰ ਬਾਹਰ ਕੱਢ ਲਿਆ ਗਿਆ ਹੈ ਅਤੇ ਗੱਡੀ ਦਾ ਅਗਲਾ ਸ਼ੀਸ਼ਾ ਟੁੱਟ ਜਾਣ ਕਾਰਨ ਚਾਲਕ ਦੇ ਪਾਣੀ ਵਿੱਚ ਵਹਿ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਗੋਤਾਖੋਰਾਂ ਦੀ ਮਦਦ ਨਾਲ ਚਾਲਕ ਗੁਰਦਿੱਤ ਸਿੰਘ ਦੀ ਭਾਲ ਵਿੱਚ ਲੱਗੀ ਹੋਈ ਹੈ।