Patiala News: ਨੇੜਲੇ ਪਿੰਡ ਬਰਸਟ ਵਿਖੇ ਅਵਾਰਾ ਕੁੱਤਿਆਂ ਦੇ ਝੁੰਡ ਵੱਲੋਂ ਇੱਕ ਛੋਟੇ ਬੱਚੇ ਨੂੰ ਨੋਚ-ਨੋਚ ਕੇ ਖਾ ਲੈਣ ਕਾਰਨ ਬੱਚੇ ਦੀ ਮੌਤ ਦੀ ਘਟਨਾ ਸਾਹਮਣੇ ਆਈ ਹੈ । ਮ੍ਰਿਤਕ ਬੱਚੇ ਦੀ ਪਛਾਣ ਤਰਨਪ੍ਰੀਤ ਸਿੰਘ ਪੁੱਤਰ ਸੰਦੀਪ ਸਿੰਘ ਵਾਸੀ ਪਿੰਡ ਬਰਸਟ ਜ਼ਿਲ੍ਹਾ ਪਟਿਆਲਾ ਵਜੋਂ ਹੋਈ ਹੈ।
ਘਟਨਾ ਬੁੱਧਵਾਰ ਸ਼ਾਮ 4 ਵਜੇ ਵਾਪਰੀ ਅਤੇ ਇੱਕ ਵਿਅਕਤੀ ਵੱਲੋਂ ਅਵਾਰਾ ਕੁੱਤਿਆਂ ਤੋਂ ਬੱਚੇ ਨੂੰ ਛੁਡਵਾ ਕੇ ਸਰਕਾਰੀ ਰਾਜਿੰਦਰਾ ਹਸਪਤਾਲ Patiala ਵਿਖੇ ਭਰਤੀ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ ।
ਜਾਣਕਾਰੀ ਅਨੁਸਾਰ, ਬੁੱਧਵਾਰ ਸ਼ਾਮ 4 ਕੁ ਵਜੇ ਦੇ ਕਰੀਬ ਤਰਨਪ੍ਰੀਤ ਸਿੰਘ ਅਤੇ ਇੱਕ ਹੋਰ ਛੋਟਾ ਬੱਚਾ ਪਿੰਡ ਦੇ ਨਾਲ ਲੱਗਦੇ ਖੇਤਾਂ ਵਿਚ ਟੁੱਟਿਆ ਪਤੰਗ ਚੁੱਕਣ ਲਈ ਗਏ ਸਨ ਜਿਨ੍ਹਾਂ ਨੂੰ ਅਵਾਰਾ ਕੁੱਤਿਆਂ ਦੇ ਝੁੰਡ ਨੇ ਘੇਰ ਲਿਆ। ਇਨ੍ਹਾਂ ਵਿੱਚੋਂ ਇੱਕ ਬੱਚਾ ਤਾਂ ਬਚ ਕੇ ਭੱਜ ਗਿਆ ਪ੍ਰੰਤੂ ਤਰਨਪ੍ਰੀਤ ਸਿੰਘ ਨੂੰ ਅਵਾਰਾ ਕੁੱਤਿਆਂ ਨੇ ਬੁਰੀ ਤਰ੍ਹਾਂ ਨਾਲ ਨੋਚ ਲਿਆ ਗਿਆ। ਇਸ ਘਟਨਾ ਨੂੰ ਦੇਖ ਕੇ ਨਾਲ ਦੇ ਖੇਤ ‘ਚ ਜਾ ਰਹੇ ਇੱਕ ਵਿਅਕਤੀ ਵੱਲੋਂ ਬੜੀ ਮੁਸ਼ੱਕਤ ਨਾਲ ਕੁੱਤਿਆਂ ਦੇ ਝੁੰਡ ਨੂੰ ਭਜਾਇਆ ਅਤੇ ਬੱਚੇ ਨੂੰ ਚੁੱਕ ਕੇ ਘਰ ਲਿਆਂਦਾ, ਜਿਸਨੂੰ ਬੱਚੇ ਦੇ ਪਰਿਵਾਰ ਵੱਲੋਂ ਸਰਕਾਰੀ ਰਾਜਿੰਦਰਾਂ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ।
ਹਸਪਤਾਲ ਦੇ ਡਾਕਟਰਾਂ ਵੱਲੋਂ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਅਤੇ ਪਰਿਵਾਰ ਵਾਲੇ ਬਿਨਾਂ ਕੋਈ ਕਾਰਵਾਈ ਕਰਵਾਏ ਬੱਚੇ ਦੀ ਲਾਸ਼ ਨੂੰ ਵਾਪਸ ਘਰ ਲੈ ਗਏ,ਜਿੱਥੇ ਵੀਰਵਾਰ ਨੂੰ ਉਸਦਾ ਸਸਕਾਰ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਤਰਨਪ੍ਰੀਤ ਸਿੰਘ ਤਿੰਨ ਭੈਣਾਂ ਦਾ ਇੱਕਲੌਤਾ ਭਰਾ ਸੀ ਤੇ ਉਸਦਾ ਪਿਤਾ ਸੰਦੀਪ ਸਿੰਘ ਮਜ਼ਦੂਰੀ ਦਾ ਕੰਮ ਕਰਦਾ ਹੈ। ਇਸ ਘਟਨਾ ਨਾਲ ਸਾਰੇ ਪਿੰਡ ‘ਚ ਸੋਗ ਛਾਇਆ ਰਿਹਾ।