Patiala News: ਪੰਜਾਬ ਹਰਿਆਣਾ ਦੇ ਬਾਰਡਰ ’ਤੇ ਕਿਸਾਨਾਂ ’ਤੇ ਹੰਝੂ ਗੈਸ ਦੇ ਗੋਲੇ, ਪਲਾਸਟਿਕ ਦੀਆਂ ਗੋਲ਼ੀਆਂ, ਪਾਣੀ ਦੀਆਂ ਬੁਛਾਰਾਂ ਸਮੇਤ ਕੀਤੇ ਗਏ ਅੱਤਿਆਚਾਰ ਵਿਰੁੱਧ ਕਾਂਗਰਸ ਮਹਿਲਾ ਵਿੰਗ ਵਲੋਂ ਮੋਤੀ ਮਹਿਲ ਅੱਗੇ ਧਰਨਾ ਦਿੱਤਾ ਗਿਆ। ਪੰਜਾਬ ਮਹਿਲਾ ਕਾਂਗਰਸ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਦੀ ਅਗਵਾਈ ‘ਚ ਵੱਡੀ ਗਿਣਤੀ ਵਰਕਰਾਂ ਨੇ ਮੂੰਹ ’ਤੇ ਪੱਟੀਆਂ ਬੰਨ੍ਹ ਕੇ Captain Amarinder Singh ਤੇ ਲੋਕ ਸਭਾ ਮੈਂਬਰ Preneet Kaur ਦੀ ਚੁੱਪੀ ਤੋੜਨ ਲਈ ਮੋਤੀ ਮਹਿਲ ਅੱਗੇ ਸ਼ਾਂਤਮਈ ਪ੍ਰਦਰਸ਼ਨ ਕੀਤਾ ਗਿਆ।
ਜਦੋਂ ਮੂੰਹ ’ਤੇ ਪੱਟੀਆਂ ਬੰਨ੍ਹ ਬੀਬੀਆਂ ਪਰਨੀਤ ਕੌਰ ਨੂੰ ਮਿਲਣ ਮੋਤੀ ਮਹਿਲ ਅੰਦਰ ਜਾਣ ਲੱਗੀਆਂ ਤਾ ਇਨ੍ਹਾਂ ਨੂੰ ਪੁਲਿਸ ਮੁਲਾਜ਼ਮਾਂ ਵੱਲੋਂ ਇਹ ਕਹਿ ਕੇ ਰੋਕ ਦਿੱਤਾ ਗਿਆ ਕਿ ਉਹ ਦਿੱਲੀ ਹਨ। Preneet Kaur ਦੀ ਗੈਰ-ਮੌੂਦਗੀ ‘ਚ ਬੀਬੀਆਂ ਦਾ ਗੁੱਸਾ ਉਸ ਸਮੇਂ ਦਿਸਿਆ ਜਦੋਂ ਉਹ ਸੜਕ ’ਤੇ ਹੀ ਬੈਠ ਗਈਆਂ।
ਸੂਬਾ ਪ੍ਰਧਾਨ ਬੀਬੀ ਰੰਧਾਵਾ ਨੇ ਕਿਹਾ ਕਿ ਉਹ ਇੱਥੇ ਸਿਰਫ MP Preneet Kaur ਤੇ Captain Amarinder Singh ਦੀ ਚੁੱਪ ਤੁੜਵਾਉਣ ਦੇ ਇਰਾਦੇ ਨਾਲ ਹੀ ਮੂੰਹ ’ਤੇ ਪੱਟੀ ਬੰਨ੍ਹ ਕੇ ਆਈਆਂ ਹਨ। ਕਿਉਂਕਿ ਇਕ ਪਾਸੇ ਇਨ੍ਹਾਂ ਦੀ ਕੇਂਦਰ ਦੀ ਭਾਜਪਾ ਸਰਕਾਰ ਕਿਸਾਨ ਭਰਾਵਾਂ ਨਾਲ ਅੱਤਵਾਦੀਆਂ ਵਰਗਾ ਸਲੂਕ ਕਰ ਰਹੀ ਹੈ ਤੇ ਦੂਜੇ ਪਾਸੇ ਇਹ ਲੋਕ ਭਾਜਪਾ ਤੋਂ ਡਰਦੇ ਚੁੱਪ ਧਾਰੀ ਬੈਠੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਮਜ਼ਦੂਰ ਆੜ੍ਹਤੀ ਦੁਕਾਨਦਾਰਾਂ ਦੀਆਂ ਵੋਟਾਂ ਲੈ ਕੇ ਕੈਪਟਨ ਸਾਹਿਬ ਦੋ ਵਾਰ ਮੁੱਖ ਮੰਤਰੀ ਬਣੇ ਤੇ ਪਰਨੀਤ ਕੌਰ ਚਾਰ ਵਾਰ ਐੱਮਪੀ ਬਣੇ ਪਰ ਅੱਜ ਜਦੋਂ ਕਿਸਾਨਾਂ ’ਤੇ ਵਕਤ ਪਿਆ ਹੈ ਤਾਂ ਇਹ ਲੋਕ ਮਹਿਲਾਂ ਦੀ ਚਾਰਦੀਵਾਰੀ ਤੋਂ ਬਾਹਰ ਨਹੀਂ ਨਿਕਲ ਰਹੇ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰੇਖਾ ਅੱਗਰਵਾਲ ਤੇ ਅਮਰਜੀਤ ਭੱਠਲ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਕਈ ਅਰਸੇ ਉਹ ਵੋਟਾਂ ਪਾ ਕੇ ਜਿਤਾਉਂਦੇ ਰਹੇ, ਅੱਜ ਉਨ੍ਹਾਂ ਦੇ ਮੂੰਹ ’ਚੋਂ ਕਿਸਾਨਾਂ ਦੇ ਪੱਖ ‘ਚ ਦੋ ਸ਼ਬਦ ਵੀ ਨਹੀਂ ਨਿਕਲ ਰਹੇ, ਜਿਸਦਾ ਖ਼ਮਿਆਜ਼ਾ ਆਉਣ ਵਾਲੇ ਸਮੇਂ ‘ਚ ਇਨ੍ਹਾਂ ਨੂੰ ਭੁਗਤਨਾ ਪਵੇਗਾ। ਇਸ ਪ੍ਰਦਰਸ਼ਨ ਵਿੱਚ ਲਤਾ ਵਰਮਾ, ਡੌਲੀ ਗਿੱਲ, ਮਨਦੀਪ ਚੌਹਾਨ, ਲੱਕੀ ਮਿੱਠੂਮਾਜਰਾ, ਜਸਬੀਰ ਜੱਸੀ ਤੇ ਗੁਰਦਰਸ਼ਨ ਕੌਰ ਸਮੇਤ ਕਈ ਬੀਬੀਆਂ ਨੇ ਵੀ ਆਪਣਾ ਰੋਸ ਜਤਾਇਆ।