ਪਟਿਆਲਾ – Punjabi University ਦੇ ਗੇਟ ’ਤੇ ਧਰਨਾ ਦੇ ਰਹੇ ਕਰਮਚਾਰੀਆਂ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ। ਇਨ੍ਹਾਂ ਕਰਮਚਾਰੀਆਂ ਖਿਲਾਫ ਯੂਨੀਵਰਸਿਟੀ ਰਜਿਸਟਰਾਰ ਵਲੋਂ ਦਿੱਤੀ ਗਈ ਸ਼ਿਕਾਇਤ ਦੇ ਅਧਾਰ ’ਤੇ ਥਾਣਾ ਅਰਬਨ ਅਸਟੇਟ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਪੰਜਾਬੀ ਯੂਨੀਵਰਸਿਟੀ ਰਜਿਸਟਰਾਰ (Punjabi University) ਨਵਜੋਤ ਕੌਰ ਨੇ ਦੱਸਿਆ ਕਿ 19 ਦਸੰਬਰ ਤੋਂ ਯੂਨੀਵਰਸਿਟੀ ਦੇ ਮੁੱਖ ਗੇਟ ’ਤੇ ਸਕਿਊਰਟੀ ਗਾਰਡ ਵੱਲੋਂ ਧਰਨਾ ਲਗਾਇਆ ਜਾ ਰਿਹਾ ਹੈ। ਰਜਿਸਟਰਾਰ ਦਾ ਦੋਸ਼ ਹੈ ਕਿ ਇਹ ਕਰਮਚਾਰੀ ਆਪਣੀ ਡਿਊਟੀ ਤੋਂ ਗੈਰ-ਹਾਜ਼ਰ ਚੱਲ ਰਹੇ ਹਨ ਤੇ ਉੱਚੀ ਆਵਾਜ਼ ‘ਚ ਸਪੀਕਰ ਲਗਾ ਕੇ ਨਾਅਰੇਬਾਜ਼ੀ ਕਰਦੇ ਹਨ। ਸ਼ਿਕਾਇਤ ਅਨੁਸਾਰ 21 ਦਸੰਬਰ ਨੂੰ ਸਵੇਰੇ 11 ਵਜੇ ਧਰਨਾ ਕਾਰੀਆਂ ਵੱਲੋ ਕੈਂਪਸ ‘ਚ ਰੋਸ ਮਾਰਚ ਕੱਢਿਆ ਗਿਆ ਸੀ। ਦੋੋਸ਼ ਹੈ ਕਿ ਇਨਾਂ ਵਲੋਂ ਰਜਿਸਟਰਾਰ ਤੇ ਵਾਇਸ ਚਾਂਸਲਰ ਦੇ ਦਫਤਰ ਵਿਖੇ ਰੁਕ ਕੇ ਭੱਦੀ ਸ਼ਬਦਾਬਲੀ ‘ਚ ਨਾਅਰੇਬਾਜੀ ਕੀਤੀ ਗਈ।
ਇਸ ਸਮੇਂ ਯੂਨੀਵਰਸਿਟੀ ‘ਚ ਵਿਦਿਆਰਥੀਆਂ ਦੀ ਪ੍ਰੀਖਿਆਵਾ ਚੱਲ ਰਹੀਆਂ ਹਨ, ਜਿਨ੍ਹਾਂ ਵਿਚ ਵਿਘਨ ਪਾਇਆ ਗਿਆ ਤੇ ਕੁਝ ਦਿਨ ਪਹਿਆਂ ਵੀ ਮੁੱਖ ਗੇਟ ਬੰਦ ਕਰ ਦਿੱਤਾ ਗਿਆ ਸੀ। 29 ਦਸੰਬਰ ਦੁਪਹਿਰ ਢਾਈ ਵਜੇ ਧਰਨਾਕਾਰੀਆ ਵੱਲੋਂ ਯੂਨੀਵਰਸਿਟੀ ਦੇ ਮੁੱਖ ਗੇਟ ਅੱਗੇ ਬੈਠ ਕੇ ਆਵਾਜਾਈ ਬੰਦ ਕਰ ਦਿੱਤੀ ਗਈ।
ਰਜਿਸਟਰਾਰ ਦੀ ਸ਼ਿਕਾਇਤ ਦੇ ਅਧਾਰ ’ਤੇ ਸਕਿਊਰਟੀ ਗਾਰਡ ਅਰਵਿੰਦਰ ਸਿੰਘ, ਦਲਬੀਰ ਸਿੰਘ, ਮਿਥੁਨ ਸਿੰਘ, ਜਸਪਾਲ ਸਿੰਘ, ਸੰਜੇ ਕੁਮਾਰ, ਅੰਗਰੇਜ ਸਿੰਘ, ਹੀਰਾ ਲਾਲ, ਕੁਲਵਿੰਦਰ ਸਿੰਘ, ਰਾਜਿੰਦਰ ਪਾਲ, ਸਤਵੰਤ ਸਿੰਘ, ਲਖਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਜਗਸੀਰ ਸਿੰਘ ਅਤੇ ਇਹਨ੍ਹਾ ਦੇ 30 ਤੋਂ 40 ਸਾਥੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ।