Road Accident- ਪਿਛਲੇ ਦਿਨੀਂ ਚੰਡੀਗੜ੍ਹ ਰੋਡ ‘ਤੇ ਵਾਪਰੇ ਇਕ ਹਾਦਸੇ ਵਿੱਚ ਜ਼ਖ਼ਮੀ ਹੋਏ ਨੌਜਵਾਨ ਦੀ ਪੀਜੀਆਈ ਹਸਪਤਾਲ ਚੰਡੀਗੜ੍ਹ ਵਿਖੇ ਮੌਤ ਹੋ ਗਈ। ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਰਾਮ ਲਾਲੂ ਪੁੱਤਰ ਮੰਗਲ ਸ਼ਰਨ ਵਾਸੀ ਜ਼ਿਲ੍ਹਾ ਸੰਗਰੋਲੀ ਮੱਧ ਪ੍ਰਦੇਸ਼ ਹਾਲ ਵਾਸੀ ਪਰਮਾਰ ਕਾਲੋਨੀ ਚੰਡੀਗੜ੍ਹ ਰੋਡ ਗੜ੍ਹਸ਼ੰਕਰ ਨੇ ਦੱਸਿਆ ਕਿ 19 ਦਸੰਬਰ ਨੂੰ ਉਸ ਦਾ ਪੁੱਤਰ ਸੁਰੇਸ਼ ਕੁਮਾਰ ਆਪਣੇ ਮੋਟਰਸਾਈਕਲ ‘ਤੇ ਸਵਾਰ ਹੋ ਸ਼ਾਮ ਕਰੀਬ 7 ਵਜੇ ਆਪਣੇ ਘਰ ਤੋਂ ਸਰਵਿਸ ਸਟੇਸ਼ਨ ‘ਤੇ ਗਿਆ ਸੀ।
ਜਦੋਂ ਉਹ ਸੜਕ ਦਾ ਡਿਵਾਈਡਰ ਪਾਰ ਕਰਨ ਲੱਗਾ ਤਾਂ ਇਕ ਸਕਾਰਪੀਓ ਗੱਡੀ ਗਲਤ ਸਾਈਡ ਤੋਂ ਤੇਜ਼ ਰਫਤਾਰ ਤੇ ਅਣਗਹਿਲੀ ਨਾਲ ਆਈ, ਜਿਸ ਦੇ ਚਾਲਕ ਨੇ ਗੱਡੀ ਲਿਆ ਕੇ ਉਸ ਦੇ ਲੜਕੇ ਸੁਰੇਸ਼ ਕੁਮਾਰ ਵਿੱਚ ਮਾਰੀ। ਇਸ ਕਾਰਨ ਉਹ ਜ਼ਖ਼ਮੀ ਹੋ ਗਿਆ ਅਤੇ 27 ਦਸੰਬਰ ਨੂੰ ਪੀਜੀਆਈ ਚੰਡੀਗੜ੍ਹ ਵਿੱਚ ਉਸ ਦੀ ਮੌਤ ਹੋ ਗਈ। ਪੁਲਿਸ ਵੱਲੋਂ ਇਸ ਮਾਮਲੇ ਵਿੱਚ ਅਣਪਛਾਤੇ ਚਾਲਕ ਨੂੰ ਨਾਮਜ਼ਦ ਕੀਤਾ ਗਿਆ।