Sad News: ਪਿੰਡ ਲੋਪੋਂ ਵਿਖੇ ਇਕ ਸਕੂਲ ਵੈਨ ਵੱਲੋਂ ਮੋਟਰਸਾਈਕਲ ਸਵਾਰਾਂ ਨੂੰ ਟੱਕਰ ਮਾਰ ਦਿੱਤੇ ਜਾਣ ’ਤੇ 5 ਸਾਲ ਦੇ ਮਾਸੂਮ ਬੱਚੇ ਦੀ ਮੌਤ ਹੋ ਗਈ.ਜਦਕਿ ਇਸ ਹਾਦਸੇ ’ਚ ਮੋਟਰਸਾਈਕਲ ਚਾਲਕ, ਜੋ ਕਿ ਮ੍ਰਿਤਕ ਬੱਚੇ ਦਾ ਮਾਮਾ ਸੀ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਮੋਟਰਸਾਈਕਲ ਦੇ ਪਿੱਛੇ ਬੈਠੀ ਬੱਚੇ ਦੀ ਮਾਂ ਦੇ ਵੀ ਸੱਟਾਂ ਵੱਜੀਆਂ, ਪਰ ਉਸ ਦੀ ਹਾਲਤ ਠੀਕ ਹੈ।
ਜਾਣਕਾਰੀ ਅਨੁਸਾਰ ਖੰਨਾ ਨਿਵਾਸੀ ਤਰਨਜੀਤ ਕੌਰ ਆਪਣੇ 5 ਸਾਲ ਦੇ ਬੱਚੇ ਯਸ਼ਰਾਜ ਸਿੰਘ ਨੂੰ ਨਾਲ ਲੈ ਕੇ ਆਪਣੇ ਪੇਕੇ ਘਰ ਪਿੰਡ ਲੋਪੋਂ (ਸਮਰਾਲਾ) ਵਿਖੇ ਰਹਿਣ ਲਈ ਆਈ ਹੋਈ ਸੀ।
ਅੱਜ ਸਵੇਰੇ ਤਰਨਜੀਤ ਕੌਰ ਦਾ ਭਰਾ ਇੰਦਰਜੀਤ ਸਿੰਘ ਆਪਣੀ ਭੈਣ ਤੇ ਭਾਣਜੇ ਨੂੰ ਮੋਟਰਸਾਈਕਲ ’ਤੇ ਛੱਡਣ ਲਈ ਜਾ ਰਿਹਾ ਸੀ। ਪਿੰਡ ਲੋਪੋਂ ਤੋਂ ਬਾਹਰ ਨਿਕਲਦੇ ਹੀ ਸਾਹਮਣੇ ਤੋਂ ਆ ਰਹੀ ਇੱਕ ਪ੍ਰਾਈਵੇਟ ਸਕੂਲ ਦੀ ਵੈਨ ਨੇ ਇਨ੍ਹਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਘਟਨਾ ’ਚ ਮਾਸੂਮ ਬੱਚੇ ਯਸ਼ਰਾਜ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਉਸ ਦਾ ਮਾਮਾ ਇੰਦਰਜੀਤ ਸਿੰਘ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਬੱਚੇ ਦੀ ਮਾਂ ਨੂੰ ਵੀ ਕਾਫੀ ਸੱਟਾਂ ਲੱਗੀਆਂ, ਪਰ ਉਸ ਦੀ ਹਾਲਤ ਠੀਕ ਹੈ।
ਦੁਰਘਟਨਾ ਤੋਂ ਬਾਅਦ ਵੈਨ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ। ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਫਰਾਰ ਹੋਏ ਸਕੂਲ ਵੈਨ ਚਾਲਕ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ।