ਅੰਮ੍ਰਿਤਸਰ, 08 ਨਵੰਬਰ 2023- ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਲਈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਸੰਤ ਬਲਬੀਰ ਸਿੰਘ ਘੁੰਨਸ ਲਈ ਵੋਟਿੰਗ ਦਾ ਕੰਮ ਸ਼ੁਰੂ ਹੋ ਗਿਆ ਹੈ। ਵੋਟ ਪਾਉਣ ਲਈ ਸ਼੍ਰੋਮਣੀ ਕਮੇਟੀ ਮੈਂਬਰ ਬਲਵਿੰਦਰ ਸਿੰਘ ਵਈਪੂਈ ਨੇ ਐਂਬੂਲੈਂਸ ‘ਚ ਵੋਟ ਪਾਈ।
ਬੀਤੇ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਲਗਾਤਾਰ ਤੀਜੀ ਵਾਰ ਪ੍ਰਧਾਨਗੀ ਲਈ ਨਾਮਜ਼ਦ ਕੀਤਾ ਸੀ। ਐਡਵੋਕੇਟ ਧਾਮੀ ਨੂੰ ਲਗਾਤਾਰ ਤੀਜੀ ਵਾਰ ਆਪਣਾ ਉਮੀਦਵਾਰ ਐਲਾਨਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸਾਂਝੇ ਮੰਚ ਵੱਲੋਂ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਵੱਲੋਂ ਵੀ ਸੰਤ ਬਲਬੀਰ ਸਿੰਘ ਘੁੰਨਸ ਨੂੰ ਪ੍ਰਧਾਨ ਦੇ ਅਹੁਦੇ ਲਈ ਉਮੀਦਵਾਰ ਐਲਾਨ ਦਿੱਤਾ ਸੀ।
ਹੁਣ ਮੁੱਖ ਮੁਕਾਬਲਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਸੰਤ ਬਲਬੀਰ ਸਿੰਘ ਘੁੰਨਸ ਦੇ ਵਿਚਕਾਰ ਵੋਟਾਂ ਰਾਹੀਂ ਹੋਵੇਗਾ। ਇਨ੍ਹਾਂ ਦੀ ਜਿਤ ਹਾਰ ਤੋਂ ਬਾਅਦ ਹੀ ਬਾਕੀ ਅਹੁਦੇਦਾਰ ਅਤੇ ਅੰਤ੍ਰਿੰਗ ਕਮੇਟੀ ਮੈਂਬਰਾਂ ਦੀ ਚੋਣ ਹੋਵੇਗੀ। ਇਸ ਵਾਰ ਦੋਹਾਂ ਧਿਰਾਂ ਵੱਲੋਂ ਗੁਪਤ ਤਰੀਕੇ ਨਾਲ ਮੈਂਬਰਾਂ ਤੱਕ ਪਹੁੰਚ ਕੀਤੀ ਹੈ ਅਤੇ ਦੋਹਾਂ ਦਿਰਾਂ ਹੀ ਆਪਣੀ ਜਿਤ ਯਕੀਨੀਂ ਮੰਨ ਰਹੀਆਂ ਹਨ ਭਾਵੇਂ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮੈਂਬਰਾਂ ਦੀ ਗਿਣਤੀ ਬਹੁਤਾਂਤ ਹੈ, ਜੋ ਕਿ ਪਿਛਲੇ ਸਾਲ 146 ਵੋਟਾਂ ਵਿਚੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ 104 ਤੇ ਬੀਬੀ ਜਗੀਰ ਕੌਰ ਨੂੰ ਸਿਰਫ 42 ਵੋਟਾਂ ਹੀ ਮਿਲੀਆਂ ਸਨ। ਇਸ ਮੁਕਾਬਲੇ ਵਿੱਚ ਬੇਸ਼ੱਕ ਬਾਦਲ ਦੇ ਉਮੀਦਵਾਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਅਜੇ ਵੀ ਬੋਲਬਾਲਾ ਹੈ ਅਤੇ ਹੈਟ੍ਰਿਕ ਲਗਾਉਂਣ ਦੀ ਪੂਰੀ ਤਿਆਰੀ ਹੈ, ਪਰ ਸੰਤ ਬਲਬੀਰ ਸਿੰਘ ਦੀ ਮੈਂਬਰਾਂ ਨੂੰ ਆਪਣੇ ਜ਼ਮੀਰ ਦੀ ਅਵਾਜ਼ ਸੁਣ ਕੇ ਵੋਟ ਪਾਉਂਣ ਦੀ ਅਪੀਲ ਨੂੰ ਕੀ ਲਾਭ ਮਿਲਦਾ ਹੈ ਇਹ ਚੋਣ ਨਤੀਜਿਆਂ ਤੋਂ ਬਾਅਦ ਹੀ ਸਾਹਮਣੇ ਆਵੇਗਾ।