Tarn Taran News: ਐਕਸਯੂਵੀ ਸਵਾਰ ਦੋ ਨੌਜਵਾਨ ਡੇਢ ਕਿੱਲੋ ਹੈਰੋਇਨ ਸਣੇ ਗ੍ਰਿਫ਼ਤਾਰ, ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ ਐਕਸਯੂਵੀ ਗੱਡੀ ਵਿਚ ਸਵਾਰ ਦੋ ਨੌਜਵਾਨਾਂ ਨੂੰ ਡੇਢ ਕਿੱਲੋ ਹੈਰੋਇਨ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਲੋਕ ਪੁਲਿਸ ਨਾਕੇ ਤੋਂ ਗੱਡੀ ਨੂੰ ਭਜਾਉਣ ਲੱਗੇ ਤਾਂ ਗੱਡੀ ਸੜਕ ਤੋਂ ਉੱਤਰ ਗਈ ਅਤੇ ਪੁਲਿਸ ਨੇ ਦੋਵਾਂ ਨੂੰ ਕਾਬੂ ਕਰ ਲਿਆ। ਦੋਵਾਂ ਖ਼ਿਲਾਫ਼ ਐੱਨਡੀਪੀਐੱਸ ਐਕਟ ਦੇ ਤਹਿਤ ਕੇਸ ਦਰਜ ਕਰ ਕੇ ਪੁਲਿਸ ਨੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਐੱਸਐੱਸਪੀ ਅਸ਼ਵਨੀ ਕਪੂਰ ਨੇ ਦੱਸਿਆ ਕਿ ਸਬ ਇੰਸਪੈਕਟਰ ਚਰਨਜੀਤ ਸਿੰਘ ਵੱਲੋਂ ਪਿੰਡ ਵੀਰਮ ਤੋਂ ਪੂਹਲਾ ਵਾਲੀ ਸੜਕ ’ਤੇ ਪੈਂਦੀ ਨਹਿਰ ਦੇ ਪੁਲ ਉੱਪਰ ਨਾਕਾਬੰਦੀ ਕਰ ਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸੇ ਦੌਰਾਨ ਇਕ ਐਕਸਯਵੀ ਗੱਡੀ ਆ ਕੇ ਵੀਰਮ ਵੱਲ ਮੁੜਨ ਲੱਗੀ ਤਾਂ ਜਾਂਚ ਅਧਿਕਾਰੀ ਨੇ ਉਸ ਨੂੰ ਰੁਕਣ ਦਾ ਇਛਾਰਾ ਕੀਤਾ। ਪਰ ਚਾਲਕ ਨੇ ਗੱਡੀ ਰੋਕਣ ਦੀ ਬਜਾਏ ਤੇਜ਼ ਕਰ ਲਈ ਜਿਸ ਕਾਰਨ ਉਹ ਸੜਕ ਤੋਂ ਉੱਤਰ ਕੇ ਕੱਚੀ ਜਗ੍ਹਾ ’ਤੇ ਜਾ ਕੇ ਬੰਦ ਹੋ ਗਈ। ਜਾਂਚ ਅਧਿਕਾਰੀ ਨੇ ਗੱਡੀ ਵਿਚ ਸਵਾਰ ਗੁਰਜੀਤ ਸਿੰਘ ਗੀਤੂ ਪੁੱਤਰ ਹਰਭਜਨ ਸਿੰਘ ਅਤੇ ਸੁਖਵਿੰਦਰ ਸਿੰਘ ਗੋਰਾ ਪੁੱਤਰ ਸ਼ਿੰਗਾਰਾ ਸਿੰਘ ਦੋਵੇਂ ਵਾਸੀ ਮੁੰਡਾਪਿੰਡ ਕੋਲੋਂ ਇਕ ਕਿੱਲੋ 465 ਗ੍ਰਾਮ ਹੈਰੋਇਨ ਬਰਾਮਦ ਕੀਤੀ। ਉਨ੍ਹਾਂ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੂੰ ਗੱਡੀ ਸਣੇ ਹਿਰਾਸਤ ਵਿਚ ਲੈ ਕੇ ਐੱਨਡੀਪੀਐੱਸ ਐਕਟ ਦੇ ਤਹਿਬਤ ਨਾਮਜ਼ਦ ਕਰ ਲਿਆ ਗਿਆ ਹੈ। ਜਦੋਂਕਿ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਪੁਲਿਸ ਰਿਮਾਂਡ ’ਤੇ ਲਿਆ ਜਾਵੇਗਾ। ਇਸ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।