ਅਭਿਸ਼ੇਕ ਵਰਮਾ ਨੇ ਇੱਥੇ ਤੀਰਅੰਦਾਜ਼ੀ ਵਿਸ਼ਵ ਕੱਪ ਗੇੜ ਤਿੰਨ ਦੇ ਮਰਦ ਕੰਪਾਊਂਡ ਨਿੱਜੀ ਮੁਕਾਬਲੇ ਵਿਚ ਗੋਲਡ ਮੈਡਲ ਜਿੱਤਿਆ।
ਇੰਚੀਓਨ 2014 ਏਸ਼ਿਆਈ ਖੇਡਾਂ ਦੇ ਕੰਪਾਊਂਡ ਟੀਮ ਮੁਕਾਬਲੇ ਦੇ ਗੋਲਡ ਤੇ ਨਿੱਜੀ ਮੁਕਾਬਲੇ ਦੇ ਸਿਲਵਰ ਮੈਡਲ ਜੇਤੂ 33 ਸਾਲ ਦੇ ਵਰਮਾ ਨੇ ਫਾਈਨਲ ਵਿਚ ਅਮਰੀਕਾ ਦੇ ਜੇਮਜ਼ ਲੁਟਜ਼ ਨੂੰ 148-146 ਨਾਲ ਹਰਾਇਆ। ਵਿਸ਼ਵ ਕੱਪ ਦੇ ਕਈ ਵਾਰ ਦੇ ਗੋਲਡ ਮੈਡਲ ਜੇਤੂ ਵਰਮਾ ਸ਼ੁਰੂਆਤੀ ਦੋ ਗੇੜ ‘ਚੋਂ ਬਾਹਰ ਰਹਿਣ ਤੋਂ ਬਾਅਦ ਵਾਪਸੀ ਕਰ ਰਹੇ ਸਨ। ਉਨ੍ਹਾਂ ਨੇ ਇਸ ਤੋਂ ਪਹਿਲਾਂ ਰੋਮਾਂਚਕ ਨਿੱਜੀ ਫਾਈਨਲ ਵਿਚ ਦੁਨੀਆ ਦੇ ਨੰਬਰ ਇਕ ਤੀਰਅੰਦਾਜ਼ ਤੇ ਸਿਖਰਲਾ ਦਰਜਾ ਹਾਸਲ ਨੀਦਰਲੈਂਡ ਦੇ ਮਾਈਕ ਕਲੋਸੇਰ ਨੂੰ ਹਰਾ ਕੇ ਸੈਮੀਫਾਈਨਲ ਵਿਚ ਥਾਂ ਬਣਾਈ। ਅੱਠਵਾਂ ਦਰਜਾ ਵਰਮਾ ਨੇ ਇਸ ਤੋਂ ਬਾਅਦ ਆਖ਼ਰੀ ਚਾਰ ਦੇ ਮੁਕਾਬਲੇ ਵਿਚ ਬ੍ਰਾਜ਼ੀਲ ਦੇ ਲੁਕਾਸ ਅਬਰੇਯੂ ਨੂੰ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਵਰਮਾ ਦਾ ਇਹ ਤੀਜਾ ਨਿੱਜੀ ਵਿਸ਼ਵ ਕੱਪ ਗੋਲਡ ਮੈਡਲ ਹੈ। ਇਹ 2021 ਪੈਰਿਸ ਗੇੜ ਤੋਂ ਬਾਅਦ ਉਨ੍ਹਾਂ ਦਾ ਪਹਿਲਾ ਗੋਲਡ ਹੈ। ਉਨ੍ਹਾਂ ਨੇ ਆਪਣਾ ਪਹਿਲਾ ਨਿੱਜੀ ਗੋਲਡ ਮੈਡਲ ਪੋਲੈਂਡ ਦੇ ਰਾਕਲਾ ਵਿਚ 2015 ਵਿਚ ਜਿੱਤਿਆ ਸੀ। ਉਹ ਵਿਸ਼ਵ ਕੱਪ ਦੇ ਨਿੱਜੀ ਵਰਗ ਵਿਚ ਦੋ ਸਿਲਵਰ ਤੇ ਇਕ ਕਾਂਸੇ ਦਾ ਮੈਡਲ ਵੀ ਜਿੱਤ ਚੁੱਕੇ ਹਨ। ਭਾਰਤੀ ਟੀਮ ਨੇ ਮੌਜੂਦਾ ਟੂਰਨਾਮੈਂਟ ਵਿਚ ਹੁਣ ਤੱਕ ਇਕ ਗੋਲਡ ਤੇ ਤਿੰਨ ਕਾਂਸੇ ਦੇ ਮੈਡਲ ਜਿੱਤੇ ਹਨ।