ਬੈਂਗਲੁਰੂ, 9 ਅਪ੍ਰੈਲ 2023- ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਦੀ ਟੀਮ ਸੋਮਵਾਰ ਨੂੰ ਜਦ ਲਖਨਊ ਸੁਪਰ ਜਾਇੰਟਜ਼ ਖ਼ਿਲਾਫ਼ ਉਤਰੇਗੀ ਤਾਂ ਉਸ ਨੂੰ ਬੱਲੇਬਾਜ਼ਾਂ ਤੋਂ ਵੱਧ ਦੌੜਾਂ ਤੇ ਡੈੱਥ ਓਵਰਾਂ ਵਿਚ ਗੇਂਦਬਾਜ਼ਾਂ ਤੋਂ ਵੱਧ ਅਨੁਸ਼ਾਸਨ ਦੀ ਉਮੀਦ ਹੋਵੇਗੀ।
ਆਰਸੀਬੀ ਦੀ ਟੀਮ ਪਿਛਲੇ ਮੈਚ ਵਿਚ ਕੇਕੇਆਰ ਤੋਂ ਕਰਾਰੀ ਹਾਰ ਤੋਂ ਬਾਅਦ ਇਸ ਮੈਚ ਵਿਚ ਉਤਰ ਰਹੀ ਹੈ। ਇਸ ਕਾਰਨ ਉਸ ਦੀਆਂ ਨਜ਼ਰਾਂ ਜਿੱਤ ਦੇ ਰਾਹ ‘ਤੇ ਮੁੜਨ ‘ਤੇ ਟਿਕੀਆਂ ਹੋਣਗੀਆਂ। ਅਜੇ ਟੂਰਨਾਮੈਂਟ ਆਪਣੇ ਸ਼ੁਰੂਆਤੀ ਦੌਰ ‘ਚ ਹੈ ਪਰ ਆਰਸੀਬੀ ਲਈ ਡੈੱਥ ਓਵਰਾਂ ਦੀ ਗੇਂਦਬਾਜ਼ੀ ਚਿੰਤਾ ਦਾ ਸਬੱਬ ਬਣ ਗਈ ਹੈ। ਕੇਕੇਆਰ ਖ਼ਿਲਾਫ਼ ਆਰਸੀਬੀ ਨੇ 12ਵੇਂ ਓਵਰ ਵਿਚ ਵਿਰੋਧੀ ਟੀਮ ਦਾ ਸਕੋਰ ਪੰਜ ਵਿਕਟਾਂ ‘ਤੇ 89 ਦੌੜਾਂ ਕਰ ਦਿੱਤਾ ਸੀ ਪਰ ਆਖ਼ਰੀ ਓਵਰਾਂ ਵਿਚ ਉਸ ਦੇ ਗੇਂਦਬਾਜ਼ਾਂ ਨੇ ਕਾਫੀ ਦੌੜਾਂ ਦਿੱਤੀਆਂ। ਮੁੰਬਈ ਇੰਡੀਅਨਜ਼ ਖ਼ਿਲਾਫ਼ ਆਰਸੀਬੀ ਨੇ ਆਖ਼ਰੀ ਪੰਜ ਓਵਰਾਂ ਵਿਚ 13 ਦੌੜਾਂ ਪ੍ਰਤੀ ਓਵਰ ਤੋਂ ਵੱਧ ਦੌੜਾਂ ਦਿੱਤੀਆਂ। ਨਵੀਂ ਗੇਂਦ ਨਾਲ ਪ੍ਰਭਾਵਿਤ ਕਰਨ ਵਾਲੇ ਮੁਹੰਮਦ ਸਿਰਾਜ ਤੇ ਡੈੱਥ ਓਵਰਾਂ ਦੇ ਮਾਹਿਰ ਹਰਸ਼ਲ ਪਟੇਲ ਨੇ ਆਖ਼ਰੀ ਓਵਰਾਂ ਵਿਚ ਕਾਫੀ ਦੌੜਾਂ ਦਿੱਤੀਆਂ ਹਨ। ਰਾਸ਼ਟਰੀ ਟੀਮ ਦੇ ਨਾਲ ਜੁੜੇ ਹੋਏ ਵਾਨਿੰਦੂ ਹਸਰੰਗਾ ਤੇ ਅੱਡੀ ਦੀ ਸੱਟ ਤੋਂ ਠੀਕ ਹੋ ਰਹੇ ਜੋਸ਼ ਹੇਜ਼ਲਵੁਡ ਦੀ ਗ਼ੈਰਮੌਜੂਦਗੀ ਨੇ ਆਰਸੀਬੀ ਦੀ ਮੁਸ਼ਕਲ ਵਧਾ ਦਿੱਤੀ ਹੈ। ਇਨ੍ਹਾਂ ਦੋਵਾਂ ਦੇ ਹਾਲਾਂਕਿ ਇਸ ਹਫ਼ਤੇ ਟੀਮ ਨਾਲ ਜੁੜਨ ਦੀ ਉਮੀਦ ਹੈ ਪਰ ਤਦ ਤਕ ਰੀਸ ਟਾਪਲੀ ਦੇ ਬਦਲ ਦੇ ਰੂਪ ਵਿਚ ਟੀਮ ਵਿਚ ਸ਼ਾਮਲ ਵੇਨ ਪਾਰਨੇਲ ਨੂੰ ਜ਼ਿੰਮੇਵਾਰੀ ਉਠਾਉਣੀ ਪਵੇਗੀ।