ਨਵੀਂ ਦਿੱਲੀ, 23 ਅਕਤੂਬਰ 2023- ਭਾਰਤੀ ਟੀਮ ਨੇ ਵਿਸ਼ਵ ਕੱਪ 2023 ਦੇ 20ਵੇਂ ਮੈਚ ‘ਚ ਐਤਵਾਰ ਨੂੰ ਨਿਊਜ਼ੀਲੈਂਡ ਨੂੰ 12 ਗੇਂਦਾਂ ਬਾਕੀ ਰਹਿੰਦਿਆਂ ਚਾਰ ਵਿਕਟਾਂ ਨਾਲ ਹਰਾ ਦਿੱਤਾ। ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਟੀਮ ਦੀ ਟੂਰਨਾਮੈਂਟ ਵਿਚ ਇਹ ਲਗਾਤਾਰ ਪੰਜਵੀਂ ਜਿੱਤ ਸੀ ਅਤੇ ਭਾਰਤ ਵਿਸ਼ਵ ਕੱਪ 2023 ਦੀ ਅੰਕ ਸੂਚੀ ਵਿਚ ਨੰਬਰ-1 ‘ਤੇ ਹੈ।
ਧਰਮਸ਼ਾਲਾ ‘ਚ ਖੇਡੇ ਗਏ ਮੈਚ ‘ਚ ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਅਤੇ ਪੂਰੀ ਟੀਮ 50 ਓਵਰਾਂ ‘ਚ 273 ਦੌੜਾਂ ਬਣਾ ਕੇ ਆਲਆਊਟ ਹੋ ਗਈ। ਜਵਾਬ ‘ਚ ਭਾਰਤ ਨੇ 48 ਓਵਰਾਂ ‘ਚ 6 ਵਿਕਟਾਂ ਗੁਆ ਕੇ ਟੀਚਾ ਹਾਸਿਲ ਕਰ ਲਿਆ। ਇਹ ਜਿੱਤ ਭਾਰਤੀ ਟੀਮ ਲਈ ਬਹੁਤ ਖਾਸ ਸੀ ਕਿਉਂਕਿ ਉਸ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਆਈਸੀਸੀ ਮੁਕਾਬਲੇ ਵਿਚ 20 ਸਾਲਾਂ ਦਾ ਸੋਕਾ ਖ਼ਤਮ ਕਰ ਦਿੱਤਾ। ਜਾਣਦੇ ਹਾਂ ਭਾਰਤ ਦੀ ਜਿੱਤ ਦੇ 5 ਹੀਰੋ ਕੌਣ ਹਨ :-
1) ਮੁਹੰਮਦ ਸ਼ਮੀ – ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਵਿਸ਼ਵ ਕੱਪ 2023 ‘ਚ ਆਪਣਾ ਪਹਿਲਾ ਮੈਚ ਖੇਡਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਨੇ 10 ਓਵਰਾਂ ਵਿਚ 54 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ। ਸ਼ਮੀ ਦੀ ਖ਼ਤਰਨਾਕ ਗੇਂਦਬਾਜ਼ੀ ਕਾਰਨ ਨਿਊਜ਼ੀਲੈਂਡ ਦਾ ਹੇਠਲਾ ਕ੍ਰਮ ਕ੍ਰੀਜ਼ ‘ਤੇ ਟਿਕ ਨਹੀਂ ਸਕਿਆ ਅਤੇ 300 ਦੌੜਾਂ ਦੇ ਅੰਕੜੇ ਨੂੰ ਛੂਹ ਨਹੀਂ ਸਕਿਆ। ਸ਼ਮੀ ਨੂੰ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਪਲੇਅਰ ਆਫ ਦਿ ਮੈਚ ਚੁਣਿਆ ਗਿਆ।
2) ਵਿਰਾਟ ਕੋਹਲੀ – ਭਾਰਤੀ ਟੀਮ ਦੀ ਦੌੜਾਂ ਵਾਲੀ ਮਸ਼ੀਨ ਵਿਰਾਟ ਕੋਹਲੀ ਇਕ ਵਾਰ ਫਿਰ ਟ੍ਰਬਲਸ਼ੂਟਰ ਦੀ ਭੂਮਿਕਾ ਨਿਭਾਉਂਦਾ ਨਜ਼ਰ ਆਇਆ। ਵਿਰਾਟ ਕੋਹਲੀ ਨੇ 104 ਗੇਂਦਾਂ ‘ਚ 8 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 95 ਦੌੜਾਂ ਬਣਾਈਆਂ। ਜਦੋਂ ਕੋਹਲੀ ਆਊਟ ਹੋਏ ਤਾਂ ਭਾਰਤ ਜਿੱਤ ਤੋਂ ਸਿਰਫ਼ 5 ਦੌੜਾਂ ਦੂਰ ਸੀ। ਕੋਹਲੀ ਨੇ ਸ਼੍ਰੇਅਸ ਅਈਅਰ (33), ਕੇਐਲ ਰਾਹੁਲ (27) ਅਤੇ ਰਵਿੰਦਰ ਜਡੇਜਾ ਨਾਲ ਅਹਿਮ ਸਾਂਝੇਦਾਰੀ ਕੀਤੀ।
3) ਕੁਲਦੀਪ ਯਾਦਵ– ਭਾਰਤ ਦੇ ਚਾਈਨਾਮੈਨ ਕੁਲਦੀਪ ਯਾਦਵ ਨਿਊਜ਼ੀਲੈਂਡ ਖਿਲਾਫ ਕਾਫੀ ਮਹਿੰਗੇ ਸਾਬਿਤ ਹੋਏ ਪਰ ਉਨ੍ਹਾਂ ਨੇ ਦੋ ਅਹਿਮ ਵਿਕਟਾਂ ਲਈਆਂ, ਜਿਸ ਕਾਰਨ ਉਹ ਇਸ ਹੀਰੋ ਲਿਸਟ ‘ਚ ਜਗ੍ਹਾ ਬਣਾਉਣ ‘ਚ ਕਾਮਯਾਬ ਰਹੇ। ਕੁਲਦੀਪ ਨੇ ਨਿਊਜ਼ੀਲੈਂਡ ਦੇ ਕਪਤਾਨ ਟਾਮ ਲੈਥਮ (5) ਅਤੇ ਗਲੇਨ ਫਿਲਿਪਸ (23) ਨੂੰ ਆਪਣਾ ਸ਼ਿਕਾਰ ਬਣਾਇਆ। ਖੱਬੇ ਹੱਥ ਦੇ ਸਪਿੱਨਰ ਨੇ 10 ਓਵਰਾਂ ਵਿਚ 73 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ।
4) ਰੋਹਿਤ ਸ਼ਰਮਾ– ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਵੀ ਇਸ ਸੂਚੀ ‘ਚ ਆਪਣੀ ਜਗ੍ਹਾ ਬਣਾਉਣ ‘ਚ ਕਾਮਯਾਬ ਰਹੇ। ਭਾਰਤੀ ਸਲਾਮੀ ਬੱਲੇਬਾਜ਼ ਨੇ 40 ਗੇਂਦਾਂ ਵਿਚ ਚਾਰ ਚੌਕਿਆਂ ਤੇ ਚਾਰ ਛੱਕਿਆਂ ਦੀ ਮਦਦ ਨਾਲ 46 ਦੌੜਾਂ ਬਣਾਈਆਂ। ਰੋਹਿਤ ਸ਼ਰਮਾ ਨੇ ਸ਼ੁਭਮਨ ਗਿੱਲ (26) ਦੇ ਨਾਲ 71 ਦੌੜਾਂ ਦੀ ਸਾਂਝੇਦਾਰੀ ਕਰਕੇ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ।
5) ਰਵਿੰਦਰ ਜਡੇਜਾ – ਰਵਿੰਦਰ ਜਡੇਜਾ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ 10 ਓਵਰਾਂ ਵਿਚ 48 ਦੌੜਾਂ ਦਿੱਤੀਆਂ ਪਰ ਕੋਈ ਵਿਕਟ ਨਹੀਂ ਲੈ ਸਕਿਆ। ਫਿਰ ਉਸ ਨੇ ਬੱਲੇਬਾਜ਼ੀ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 44 ਗੇਂਦਾਂ ਵਿਚ ਤਿੰਨ ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ 39 ਦੌੜਾਂ ਦੀ ਜੇਤੂ ਪਾਰੀ ਖੇਡੀ। ਜਡੇਜਾ ਨੇ ਕੋਹਲੀ ਨਾਲ ਛੇਵੀਂ ਵਿਕਟ ਲਈ 78 ਦੌੜਾਂ ਦੀ ਅਹਿਮ ਸਾਂਝੇਦਾਰੀ ਕੀਤੀ।