ਸਪੋਰਟਸ ਡੈਸਕ: ਹਰਿਆਣਾ ਦੇ ਪਿੰਡ ਧਨਾਣਾ ਦੀ ਧੀ ਨੀਤੂ ਘਣਘਸ ਨੇ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਗੋਲਡ ਜਿੱਤ ਕੇ ਇਤਿਹਾਸ ਰਚ ਦਿੱਤਾ। ਬਹਰਹਾਲ, ਨੀਤੂ ਲਈ ਅੰਤਰਰਾਸ਼ਟਰੀ ਪੱਧਰ ਦੀ ਮੁੱਕੇਬਾਜ਼ ਬਣਨ ਦਾ ਸਫ਼ਰ ਬਹੁਤ ਹੀ ਮੁਸ਼ਕਲ ਰਿਹਾ ਹੈ। ਆਰਥਕ ਤੌਰ ’ਤੇ ਬਹੁਤ ਕਮਜ਼ੋਰ ਪਰਿਵਾਰ ਦੀ ਧੀ ਨੇ ਇਕ ਸਮੇਂ ਖੇਡ ਛੱਡਣ ਦਾ ਮਨ ਬਣਾ ਲਿਆ ਸੀ ਪਰ ਪਿਤਾ ਨੇ ਹੌਸਲੇ ਨੂੰ ਟੁੱਟਣ ਨਹੀਂ ਦਿੱਤਾ। ਵਿਸ਼ਵ ਚੈਂਪੀਅਨ ਬਣਨ ਦੇ ਸਫ਼ਰ ’ਤੇ ਨੀਤੂ ਘਣਘਸ ਨੇ ਅਨਿਲ ਭਾਰਦਵਾਜ ਨਾਲ ਖ਼ਾਸ ਗੱਲਬਾਤ ਕੀਤੀ, ਪੇਸ਼ ਹਨ ਮੁੱਖ ਅੰਸ਼ :
-ਇੱਥੇ ਤਕ ਪੁੱਜਣ ਦਾ ਸਫ਼ਰ ਕਿਹੋ ਜਿਹਾ ਰਿਹਾ?
-ਮੇਰੀ ਇਸ ਕਾਮਯਾਬੀ ਦੇ ਪਿੱਛੇ ਮੇਰੇ ਪਰਿਵਾਰ ਦਾ ਤਿਆਗ ਤੇ ਸੰਘਰਸ਼ ਰਿਹਾ ਹੈ। ਜਦ ਮੈਂ ਸਿਖਲਾਈ ਲਈ ਪਿੰਡ ਤੋਂ ਭਿਵਾਨੀ ਜਾਣ ਵਿਚ ਪਰੇਸ਼ਾਨ ਸੀ ਤਾਂ ਮੇਰੇ ਪਿਤਾ ਨੇ ਆਪਣੀ ਸਰਕਾਰੀ ਨੌਕਰੀ ਤੋਂ ਲੰਬੀ ਛੁੱਟੀ ਲਈ ਤੇ ਮੇਰੇ ਸਿਖਲਾਈ ਸੈਂਟਰ ’ਤੇ ਲਿਜਾਣ ਦੀ ਡਿਊਟੀ ਨਿਭਾਉਣ ਲੱਗੇ। ਕੁਝ ਸਮੇਂ ਬਾਅਦ ਮੇਰੇ ਪਿਤਾ ਨੇ ਬਿਨਾ ਤਨਖ਼ਾਹ ਦੀ ਛੁੱਟੀ ਲੈ ਲਈ ਤੇ ਲਗਭਗ ਪੰਜ ਸਾਲਾਂ ਤਕ ਡਿਊਟੀ ’ਤੇ ਨਹੀਂ ਗਏ। ਇਸ ਦੌਰਾਨ ਘਰ ਦਾ ਖ਼ਰਚ ਚਲਾਉਣਾ ਮੁਸ਼ਕਲ ਹੋ ਗਿਆ ਸੀ ਪਿਤਾ ਨੂੰ ਬੈਂਕ ਤੋਂ ਕਰਜ਼ਾ ਲੈਣਾ ਪਿਆ। ਇਹ ਸਭ ਦੇਖ ਕੇ ਮੈਂ ਖੇਡ ਨੂੰ ਛੱਡਣ ਦਾ ਮਨ ਬਣਾ ਲਿਆ ਸੀ ਪਰ ਪਿਤਾ ਨੇ ਮਨੋਬਲ ਨੂੰ ਕਮਜ਼ੋਰ ਨਹੀਂ ਹੋਣ ਦਿੱਤਾ।
-ਹਰ ਰੋਜ਼ ਲੰਬਾ ਸਫ਼ਰ ਕਰਨਾ, ਫਿਰ ਸਿਖਲਾਈ ਤੇ ਤਦ ਆਰਾਮ, ਇਹ ਕਿਵੇਂ ਸੰਭਵ ਹੋ ਸਕਿਆ?
-ਕਈ ਵਾਰ ਅਜਿਹਾ ਹੋਇਆ ਕਿ ਬੱਸ ਨਹੀਂ ਮਿਲਦੀ ਸੀ। ਕੋਸ਼ਿਸ਼ ਕਰ ਕੇ ਦੇਰੀ ਨਾਲ ਸੈਂਟਰ ’ਤੇ ਪੁੱਜਦੀ। ਅਜਿਹਾ ਚੱਲਦਾ ਰਹਿੰਦਾ ਸੀ। ਮੇਰੀ ਇਸੇ ਪਰੇਸ਼ਾਨੀ ਨੂੰ ਦੇਖ ਕੇ ਮੇਰੇ ਪਿਤਾ ਨੇ ਬਿਨਾਂ ਤਨਖ਼ਾਹ ਦੀ ਛੁੱਟੀ ਲਈ। ਇਸ ਨਾਲ ਮੇਰਾ ਪੂਰਾ ਪਰਿਵਾਰ ਮੁਸ਼ਕਲ ਵਿਚ ਆ ਗਿਆ ਸੀ।
-ਵਿਸ਼ਵ ਚੈਂਪੀਅਨਸ਼ਿਪ ਵਿਚ ਚੋਣ ਨੂੰ ਲੈ ਕੇ ਵਿਵਾਦ ਦਾ ਕੀ ਅਸਰ ਪਿਆ? ਕੀ ਲਗਦਾ ਸੀ ਕਿ ਤੁਸੀਂ ਵਿਸ਼ਵ ਚੈਂਪੀਅਨ ਬਣ ਸਕੋਗੇ?
-ਮੇਰਾ ਧਿਆਨ ਵਿਵਾਦ ਦੀ ਥਾਂ ਖੇਡ ’ਤੇ ਕੇਂਦਰਤ ਸੀ। ਟੀਚਾ ਸੀ ਕਿ ਗੋਲਡ ਮੈਡਲ ਜਿੱਤ ਕੇ ਹੀ ਦਿੱਲੀ ਤੋਂ ਵਾਪਸ ਘਰ ਜਾਣਾ ਹੈ। ਮੈਂ ਉਸ ਵਿਚ ਕਾਮਯਾਬ ਵੀ ਰਹੀ। ਸ਼ਾਇਦ ਹੁਣ ਉਨ੍ਹਾਂ ਨੂੰ ਜਵਾਬ ਮਿਲ ਗਿਆ ਹੋਵੇਗਾ। ਹਾਲਾਂਕਿ ਜਦ ਖੇਡਣਾ ਸ਼ੁਰੂ ਕੀਤਾ ਸੀ ਤਦ ਇੰਨਾ ਵੱਡਾ ਟੀਚਾ ਨਹੀਂ ਸੀ। ਜਿਵੇਂ-ਜਿਵੇਂ ਖੇਡ ਵਿਚ ਅੱਗੇ ਵਧੀ ਤਾਂ ਟੀਚਾ ਦੇਸ਼ ਦਾ ਨਾਂ ਰੋਸ਼ਨ ਕਰਨਾ ਤੇ ਦੇਸ਼ ਲਈ ਮੈਡਲ ਜਿੱਤਣਾ ਹੋ ਗਿਆ।
-ਤੁਸੀਂ ਫਾਈਨਲ ਨੂੰ ਕਿਵੇਂ ਲੈ ਰਹੇ ਸੀ?
-ਮੇਰਾ ਟੀਚਾ ਗੋਲਡ ਮੈਡਲ ਦਾ ਸੀ ਤੇ ਸਾਹਮਣੇ ਮੰਗੋਲੀਆ ਦੀ ਏਸ਼ੀਅਨ ਚੈਂਪੀਅਨਸ਼ਿਪ ਮੈਡਲ ਜੇਤੂ ਮੁੱਕੇਬਾਜ਼ ਸੀ। ਫਾਈਨਲ ਮੁਕਾਬਲਾ ਦੁਨੀਆ ਨੇ ਦੇਖਿਆ ਹੈ ਇਹੀ ਮੇਰਾ ਟੀਚਾ ਸੀ। ਮੇਰੇ ਟ੍ਰੇਨਰ ਜਗਦੀਸ਼ ਸਿੰਘ ਨੇ ਫਾਈਨਲ ਮੁਕਾਬਲੇ ਵਿਚ ਉਤਰਨ ਤੋਂ ਪਹਿਲਾਂ ਗੋਲਡ ਮੈਡਲ ’ਤੇ ਧਿਆਨ ਕੇਂਦਰਤ ਕਰਵਾਇਆ ਸੀ।
-ਹੁਣ ਅੱਗੇ ਟੂਰਨਾਮੈਂਟਾਂ ਵਿਚ ਮੈਡਲ ਦੀ ਉਮੀਦ ਦੇ ਦਬਾਅ ਨੂੰ ਕਿਵੇਂ ਲੈਂਦੇ ਹੋ?
-ਜਦ ਤੁਸੀਂ ਦੇਸ਼ ਲਈ ਖੇਡਦੇ ਹੋ ਤਾਂ ਦੇਸ਼ ਨੂੰ ਮੈਡਲ ਦੀ ਆਸ ਰਹਿੰਦੀ ਹੈ। ਜਿੱਥੇ ਤਕ ਦਬਾਅ ਦੀ ਗੱਲ ਹੈ ਤਾਂ ਮੈਂ ਉਸ ’ਤੇ ਧਿਆਨ ਨਹੀਂ ਦਿੰਦੀ। ਮੈਂ ਆਪਣਾ ਸਰਬੋਤਮ ਪ੍ਰਦਰਸ਼ਨ ਕਰਨ ’ਤੇ ਧਿਆਨ ਦਿੰਦੀ ਹਾਂ। ਏਸ਼ਿਆਈ ਖੇਡਾਂ ਵਿਚ ਚੈਂਪੀਅਨ ਬਣਨਾ ਮੇਰਾ ਸੁਪਨਾ ਹੈ। ਮੈਨੂੰ ਵਿਸ਼ਵਾਸ ਹੈ ਕਿ ਦੇਸ਼ ਦਾ ਮਾਨ ਵਧਾਵਾਂਗੀ।
-ਸਰਕਾਰ ਤੋਂ ਤੁਹਾਡੀ ਕੀ ਮੰਗ ਹੈ?
-ਮੇਰੀ ਇਕ ਹੀ ਅਪੀਲ ਹੈ ਕਿ ਮੇਰੇ ਪਿਤਾ ਦੀ ਡਿਊਟੀ ਨੂੰ ਲੈ ਕੇ ਜੋ ਵਿਭਾਗੀ ਮਾਮਲਾ ਚੱਲ ਰਿਹਾ ਹੈ ਉਸ ਨੂੰ ਖ਼ਤਮ ਕਰ ਦਿੱਤਾ ਜਾਵੇ।