ਮੈਡਿ੍ਡ : ਸਵਿਸ ਓਪਨ ਵਿਚ ਮਰਦ ਡਬਲਜ਼ ਦਾ ਖ਼ਿਤਾਬ ਜਿੱਤਣ ਵਾਲੀ ਸਾਤਵਿਕ ਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਜੋੜੀ ਮੰਗਲਵਾਰ ਤੋਂ ਸ਼ੁਰੂ ਹੋਣ ਵਾਲੇ ਮੈਡਿ੍ਰਡ ਸਪੇਨ ਮਾਸਟਰਜ਼ ਵਿਚ ਲੈਅ ਨੂੰ ਜਾਰੀ ਰੱਖਣਾ ਚਾਹੇਗੀ ਜਦਕਿ ਪੀਵੀ ਸਿੰਧੂ ਤੇ ਕਿਤਾਂਬੀ ਸ਼੍ਰੀਕਾਂਤ ਵੀ ਇਸ ਟੂਰਨਾਮੈਂਟ ਵਿਚ ਲੈਅ ਵਿਚ ਮੁੜਨ ਦੀ ਕੋਸ਼ਿਸ਼ ਕਰਨਗੇ।
ਸਾਤਵਿਕ-ਚਿਰਾਗ ਨੇ ਐਤਵਾਰ ਨੂੰ ਚੀਨ ਦੇ ਰੇਨ ਜਿਆਂ ਯੂ ਤੇ ਟਾਨ ਕਿਆਂਗ ਨੂੰ ਹਰਾ ਕੇ ਭਾਰਤ ਲਈ ਇਸ ਸੈਸ਼ਨ ਦਾ ਪਹਿਲਾ ਖ਼ਿਤਾਬ ਜਿੱਤਿਆ ਸੀ। ਹੁਣ ਦੁਨੀਆ ਦੀ ਛੇਵੇਂ ਨੰਬਰ ਦੀ ਭਾਰਤੀ ਜੋੜੀ ਇਕ ਹੋਰ ਸੁਪਰ 300 ਖ਼ਿਤਾਬ ਆਪਣੇ ਨਾਂ ਕਰਨਾ ਚਾਹੇਗੀ ਜਿਸ ਵਿਚ ਉਹ ਆਪਣੀ ਮੁਹਿੰਮ ਦੀ ਸ਼ੁਰੂਆਤ ਜਾਪਾਨ ਦੇ ਅਯਾਤੋ ਏਂਡੋ ਤੇ ਯੁਤਾ ਤਾਕੇਈ ਖ਼ਿਲਾਫ਼ ਕਰਨਗੇ। ਸਵਿਸ ਓਪਨ ਵਿਚ ਸਿੰਗਲਜ਼ ਵਰਗ ਵਿਚ ਭਾਰਤੀ ਖਿਡਾਰੀਆਂ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਸੀ ਜਿਸ ਵਿਚ ਸਿੰਧੂ ਜੂਝਦੀ ਨਜ਼ਰ ਆਈ ਸੀ ਤੇ ਸ਼੍ਰੀਕਾਂਤ ਵੀ ਲੈਅ ਵਿਚ ਨਹੀਂ ਆ ਸਕੇ। ਦੂਜਾ ਦਰਜਾ ਸਿੰਧੂ 2023 ਵਿਚ ਪਿਛਲੇ ਕੁਝ ਟੂਰਨਾਮੈਂਟਾਂ ਵਿਚ ਦੂਜੇ ਗੇੜ ਦਾ ਅੜਿੱਕਾ ਪਾਰ ਨਹੀਂ ਕਰ ਸਕੀ ਹੈ। ਸਿੰਧੂ ਆਪਣੀ ਮੁਹਿੰਮ ਦੀ ਸ਼ੁਰੂਆਤ ਇਕ ਕੁਆਲੀਫਾਇਰ ਖ਼ਿਲਾਫ਼ ਕਰੇਗੀ ਤੇ ਉਮੀਦ ਲਗਾਏਗੀ ਕਿ ਡਰਾਅ ਵਿਚ ਅੱਗੇ ਤਕ ਪੁੱਜੇ। ਮਰਦ ਸਿੰਗਲਜ਼ ਵਿਚ ਸ਼੍ਰੀਕਾਂਤ ਨੂੰ ਪੰਜਵਾਂ ਦਰਜਾ ਮਿਲਿਆ ਹੈ। ਉਹ ਪਹਿਲੇ ਮੁਕਾਬਲੇ ਵਿਚ ਥਾਈਲੈਂਡ ਦੇ ਸਿਤਹੀਕੋਮ ਥਾਮਾਸਿਨ ਦੇ ਸਾਹਮਣੇ ਹੋਣਗੇ ਜਦਕਿ ਰਾਸ਼ਟਰੀ ਚੈਂਪੀਅਨ ਮਿਥੁਨ ਮੰਜੂਨਾਥ ਦਾ ਮੁਕਾਬਲਾ ਮਲੇਸ਼ੀਆ ਦੇ ਐੱਨਜੀ ਜੇ ਯੋਂਗ ਨਾਲ ਹੋਵੇਗਾ।