Afghanistan vs India : ਭਾਰਤੀ ਟੀਮ ਨੇ ਐਤਵਾਰ ਨੂੰ ਦੂਜੇ ਟੀ-20 ਮੈਚ ਵਿਚ ਅਫਗਾਨਿਸਤਾਨ ਨੂੰ ਹਰਾ ਕੇ ਪਹਿਲਾਂ ਹੀ ਤਿੰਨ ਮੈਚਾਂ ਦੀ ਸੀਰੀਜ਼ ਆਪਣੇ ਨਾਮ ਕਰ ਲਈ ਹੈ ਤੇ ਬੁੱਧਵਾਰ ਨੂੰ ਤੀਜੇ ਮੈਚ ਵਿਚ ਟੀਮ ਕਲੀਨ ਸਵੀਪ ਦੇ ਇਰਾਦੇ ਨਾਲ ਉਤਰੇਗੀ। ਭਾਰਤੀ ਕਪਤਾਨ ਰੋਹਿਤ ਸ਼ਰਮਾ ਲਈ ਇਹ ਮੈਚ ਕਾਫੀ ਮਹੱਤਵ ਰੱਖੇਗਾ ਕਿਉਂਕਿ ਉਸ ਦੇ ਕੋਲ ਆਪਣੀ ਕਪਤਾਨੀ ਵਿਚ ਟੀ-20 ਵਿਚ ਭਾਰਤ ਲਈ ਸਭ ਤੋਂ ਜ਼ਿਆਦਾ ਮੈਚ ਜਿੱਤਣ ਦਾ ਮੌਕਾ ਰਹੇਗਾ। ਫਿਲਹਾਲ ਰੋਹਿਤ ਤੇ ਮਹਿੰਦਰ ਸਿੰਘ ਧੋਨੀ ਖੇਡ ਦੇ ਸਭ ਤੋਂ ਛੋਟੇ ਫਾਰਮੈਟ ਵਿਚ 41 ਮੈਚ ਜਿੱਤੇ ਹਨ ਪਰ ਇਕ ਜਿੱਤ ਹੋਰ ਦਰਜ ਕਰਦੇ ਹੀ ਰੋਹਿਤ ਧੋਨੀ ਤੋਂ ਅੱਗੇ ਨਿਕਲ ਜਾਵੇਗਾ।
ਟੀ-20 ਵਿਚ ਜਿੱਤ ਦਾ ਔਸਤ ਸਾਰਿਆਂ ਤੋਂ ਬਿਹਤਰ
ਕਪਤਾਨ ਦੇ ਤੌਰ ’ਤੇ ਰੋਹਿਤ ਦਾ ਟੀ-20 ਵਿਚ ਜਿੱਤ ਦਾ ਔਸਤ ਸਾਰਿਆਂ ਤੋਂ ਬਿਹਤਰ ਹੈ ਤੇ ਇਸ ਮਾਮਲੇ ਵਿਚ ਉਹ ਭਾਰਤ ਦੇ ਸਭ ਤੋਂ ਸਫਲ ਕਪਤਾਨ ਹੈ। ਰੋਹਿਤ ਦਾ ਟੀ-20 ਵਿਚ ਆਪਣੀ ਕਪਤਾਨੀ ਵਿਚ ਜਿੱਤ ਦਾ ਔਸਤ 77.35 ਫੀਸਦੀ ਹੈ ਜਦਕਿ ਧੋਨੀ ਦਾ ਔਸਤ 56.94 ਫੀਸਦੀ ਸੀ। ਰੋਹਿਤ ਦੀ ਕਪਤਾਨੀ ਵਿਚ ਭਾਰਤ ਨੇ ਟੀ-20 ਵਿਚ ਇਕ ਹੋਰ ਦੁਵੱਲੀ ਸੀਰੀਜ਼ ਜਿੱਤੀ। ਇਸ ਸਾਲ ਜੂਨ ਵਿਚ ਟੀ-20 ਵਿਸ਼ਵ ਕੱਪ ਦਾ ਆਯੋਜਨ ਹੋਣਾ ਹੈ ਤੇ ਇਸ ਤੋਂ ਪਹਿਲਾਂ ਭਾਰਤ ਕੌਮਾਂਤਰੀ ਪੱਧਰ ’ਤੇ ਬੁੱਧਵਾਰ ਨੂੰ ਆਖਰੀ ਟੀ-20 ਮੈਚ ਖੇਡੇਗਾ। Afghanistan vs India ਟੀ-20 ਸੀਰੀਜ਼ ਦੇ ਬਾਅਦ ਭਾਰਤ ਨੂੰ 25 ਜਨਵਰੀ ਤੋਂ ਇੰਗਲੈਂਡ ਵਿਰੁੱਧ ਪੰਜ ਮੈਚਾਂ ਦੀ ਟੈਸਟ ਸੀਰੀਜ਼ ਖੇਡਣੀ ਹੈ ਤੇ ਫਿਰ ਆਈਪੀਐੱਲ ਦੀ ਸ਼ੁਰੂਆਤ ਹੋਵੇਗੀ। ਰੋਹਿਤ ਨੇ 2022 ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਮਿਲੀ ਹਾਰ ਦੇ ਬਾਅਦ ਇਸ ਸੀਰੀਜ਼ ਤੋਂ ਭਾਰਤੀ ਟੀ-20 ਵਿਚ ਵਾਪਸੀ ਕੀਤੀ ਸੀ। ਰੋਹਿਤ ਬੱਲੇ ਤੋਂ ਪਹਿਲੇ ਦੋਵੇਂ ਮੈਚਾਂ ਵਿਚ ਅਸਫਲ ਰਿਹਾ ਪਰ ਕਪਤਾਨ ਦੇ ਤੌਰ ’ਤੇ ਉਸ ਨੂੰ ਸਫਲਤਾ ਮਿਲੀ।
ਹਾਲਾਂਕਿ ਰੋਹਿਤ ਭਾਵੇਂ ਹੀ ਟੀ-20 ਵਿਚ ਸਭ ਤੋਂ ਜ਼ਿਆਦਾ ਜਿੱਤ ਦਰਜ ਕਰਨ ਦੇ ਮਾਮਲੇ ਵਿਚ ਮਹਿੰਦਰ ਸਿੰਘ ਧੋਨੀ ਤੋੋਂ ਅੱਗੇ ਨਿਕਲ ਜਾਵੇ ਪਰ ਧੋਨੀ ਇਕੋ ਇਕ ਭਾਰਤੀ ਕਪਤਾਨ ਹੈ ਜਿਸ ਨੇ ਆਪਣੀ ਕਪਤਾਨੀ ਵਿਚ 2007 ਵਿਚ ਆਈਸੀਸੀ ਟੀ-20 ਵਿਸ਼ਵ ਕੱਪ ਜਿੱਤਿਆ ਹੈ। ਇਸ ਤੋਂ ਇਲਾਵਾ ਧੋਨੀ ਦੀ ਅਗਵਾਈ ਵਿਚ ਟੀਮ 2014 ਟੀ-20 ਵਿਸ਼ਵ ਕੱਪ ਦੇ ਫਾਈਨਲ ਵਿਚ ਪਹੁੰਚੀ ਸੀ ਤੇ 2016 ਵਿਚ ਸੈਮੀਫਾਈਨਲ ਵਿਚ ਪਹੁੰਚਣ ਵਿਚ ਸਫਲ ਰਹੀ ਸੀ। ਦੂਜੇ ਪਾਸੇ ਰੋਹਿਤ ਨੇ ਪਿਛਲੇ ਸਾਲ ਆਪਣੀ ਕਪਤਾਨੀ ਵਿਚ ਟੀਮ ਨੂੰ ਵਨਡੇ ਵਿਸ਼ਵ ਕੱਪ ਦੇ ਫਾਈਨਲ ਵਿਚ ਪਹੁੰਚਾਇਆ ਸੀ ਪਰ ਟੀਮ ਵਿਸ਼ਵ ਜੇਤੂ ਬਣਨ ਤੋਂ ਖੁੰਝ ਗਈ ਸੀ।
ਕਈ ਤਰ੍ਹਾਂ ਸ਼ਾਟ ਖੇਡਣਾ ਪਰਮਾਤਮਾ ਦਾ ਤੋਹਫਾ : ਦੂਬੇ
ਇੰਦੌਰ (ਪੀਟੀਆਈ) : ਲੰਬੇ ਛੱਕੇ ਜੜਨ ਵਿਚ ਮਾਹਿਰ ਭਾਰਤੀ ਆਲਰਾਊਂਡਰ ਸ਼ਿਵਮ ਦੂਬੇ ਨੇ ਸੋਮਵਾਰ ਨੂੰ ਕਿਹਾ ਕਿ ਸਪਿੰਨਰਾਂ ਦੇ ਵਿਰੁੱਧ ਕਈ ਤਰ੍ਹਾਂ ਦੇ ਸ਼ਾਟ ਖੇਡਣਾ ਉਸ ਦੇ ਲਈ ਪਰਮਾਤਮਾ ਦਾ ਤੋਹਫਾ ਹੈ ਪਰ ਤੇਜ਼ ਤੇ ਉਛਾਲ ਲੈਂਦੀ ਗੇਂਦਾਂ ਦਾ ਚੰਗਾ ਤਰ੍ਹਾ ਨਾਲ ਸਾਹਮਣਾ ਕਰਨ ਲਈ ਉਸ ਨੂੰ ਸਖਤ ਮਿਹਨਤ ਕਰਨੀ ਹੋਵੇਗੀ। ਦੂਬੇ ਸਪਿੰਨਰਾਂ ਦੇ ਸਾਹਮਣੇ ਖੁੱਲ੍ਹ ਕੇ ਖੇਡਦਾ ਹੈ ਤੇ ਇਹੀ ਵਜ੍ਹਾ ਹੈ ਕਿ ਪਹਿਲੇ ਦੋ ਟੀ-20 ਮੈਚ ਵਿਚ ਅਫਗਾਨਿਸਤਾਨ ਦੇ ਚੰਗੇ ਸਪਿੰਨ ਹਮਲਾਵਰ ਦੀ ਉਸਦੇ ਸਾਹਮਣੇ ਇਕ ਨਹੀਂ ਚੱਲੀ। ਦੂਬੇ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਮੇਰੀ ਖੇਡ ਵਿਚ ਨਿਰੰਤਰ ਸੁਧਾਰ ਹੋ ਰਿਹਾ ਹੈ। ਮੈਂ ਜਿੰਨੇ ਤਰ੍ਹਾਂ ਦੇ ਸ਼ਾਟ ਖੇਡ ਲੈਂਦਾ ਹਾਂ ਉਹ ਮੇਰੇ ਲਈ ਪਰਮਾਤਮਾ ਦਾ ਤੋਹਫਾ ਹੈ ਤੇ ਮੈਂ ਵੀ ਇਸ ’ਤੇ ਕਾਫੀ ਕੰਮ ਕੀਤਾ ਹੈ। ਮੈਂ ਆਪਣੀ ਖੇਡ ਦੇ ਕਈ ਖੇਤਰਾਂ ਵਿਚ ਸੁਧਾਰ ਕੀਤਾ ਹੈ ਤੇ ਮੈਂ ਚੰਗੀਆਂ ਦੌੜਾਂ ਵੀ ਬਣਾ ਰਿਹਾ ਹਾਂ। ਉਸ ਨੇ ਕਿਹਾ ਕਿ ਅਤੀਤ ਵਿਚ ਮੈਂ ਭਵਿੱਖ ਦੇ ਬਾਰੇ ਵਿਚ ਕਾਫੀ ਸੋਚਦਾ ਸੀ ਪਰ ਹੁਣ ਮੈਨੂੰ ਅਹਿਸਾ ਹੋਇਆ ਕਿ ਮੈਨੂੰ ਵਰਤਮਾਨ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਮੈਨੂੰ ਇਸ ’ਤੇ ਧਿਆਨ ਦੇਣਾ ਚਾਹੀਦਾ ਹੈ ਮੈਂ ਆਪਣੇ ਹੁਨਰ ਵਿਚ ਕਿਵੇਂ ਨਿਖਾਰ ਲਿਆਵਾਂ। ਇਹ ਮੇਰੇ ਲਈ ਜ਼ਿਆਦਾ ਮਹੱਤਵਪੂਰਨ ਹੈ। ਦੂਬੇ ਨੂੰ ਚੰਗੀ ਗਤੀ ਨਾਲ ਕੀਤੀ ਗਈ ਸ਼ਾਰਟ ਪਿੱਚ ਗੇਂਦਾਂ ਨੂੰ ਖੇਡਣ ਵਿਚ ਪਰੇਸ਼ਾਨੀ ਹੁੰਦੀ ਹੈ ਪਰ ਉਸ ਨੇ ਕਿਹਾ ਕਿ ਉਹ ਇਸ ਖੇਤਰ ’ਤੇ ਕੰਮ ਕਰ ਰਿਹਾ ਹੈ।