ਚਟਗਾਓਂ : ਬੰਗਲਾਦੇਸ਼ ਨੇ ਸੋਮਵਾਰ ਨੂੰ ਆਇਰਲੈਂਡ ਨੂੰ ਪਹਿਲੇ ਟੀ-20 ਮੈਚ ਵਿਚ ਡਕਵਰਥ ਲੁਇਸ ਨਿਯਮ ਦੇ ਹਿਸਾਬ ਨਾਲ 22 ਦੌੜਾਂ ਨਾਲ ਹਰਾ ਦਿੱਤਾ ਤੇ ਇਸੇ ਨਾਲ ਉਸ ਨੇ ਤਿੰਨ ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ ਹੈ। ਬੰਗਲਾਦੇਸ਼ ਦੇ ਬੱਲੇਬਾਜ਼ਾਂ ਨੇ ਇਸ ਮੈਚ ਵਿਚ ਆਇਰਲੈਂਡ ਦੇ ਗੇਂਦਬਾਜ਼ਾਂ ਦਾ ਚੰਗਾ ਕੁਟਾਪਾ ਚਾੜਿ੍ਹਆ ਤੇ ਪੰਜ ਵਿਕਟਾਂ ‘ਤੇ 207 ਦੌੜਾਂ ਦਾ ਮਜ਼ਬੂਤ ਸਕੋਰ ਖੜ੍ਹਾ ਕੀਤਾ। ਆਇਰਲੈਂਡ ਦੀ ਟੀਮ ਕਦੀ ਵੀ ਇਸ ਮੈਚ ਨੂੰ ਜਿੱਤਣ ਦੀ ਸਥਿਤੀ ਵਿਚ ਨਹੀਂ ਸੀ। ਬਾਰਿਸ਼ ਕਾਰਨ ਜਦ ਮੈਚ ਰੁਕਿਆ ਤਦ ਆਇਰਲੈਂਡ ਨੇ ਅੱਠ ਓਵਰਾਂ ਵਿਚ ਪੰਜ ਵਿਕਟਾਂ ‘ਤੇ 81 ਦੌੜਾਂ ਬਣਾਈਆਂ ਸਨ। ਇਹ ਟੀਮ ਟੀਚੇ ਤੋਂ 104 ਦੌੜਾਂ ਪਿੱਛੇ ਸੀ।
ਬੰਗਲਾਦੇਸ਼ ਦੀ ਟੀਮ ਆਪਣੇ ਘਰ ਵਿਚ ਸ਼ਾਨਦਾਰ ਖੇਡ ਦਿਖਾ ਰਹੀ ਹੈ। ਆਇਰਲੈਂਡ ਤੋਂ ਪਹਿਲਾਂ ਇਸ ਟੀਮ ਨੇ ਆਪਣੇ ਘਰ ਵਿਚ ਟੀ-20 ਵਿਸ਼ਵ ਕੱਪ ਜੇਤੂ ਟੀਮ ਇੰਗਲੈਂਡ ਨੂੰ ਤਿੰਨ ਮੈਚਾਂ ਦੀ ਸੀਰੀਜ਼ ਵਿਚ 3-0 ਨਾਲ ਹਰਾਇਆ ਸੀ। ਭਾਰਤ ਨੂੰ ਵੀ ਬੰਗਲਾਦੇਸ਼ ਨੇ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਵਿਚ 2-1 ਨਾਲ ਮਾਤ ਦਿੱਤੀ ਸੀ। ਇਸ ਮੈਚ ਵਿਚ ਬੰਗਲਾਦੇਸ਼ ਲਈ ਸਲਾਮੀ ਬੱਲੇਬਾਜ਼ ਰਾਨੀ ਤਾਲੁਕਦਾਰ ਦਾ ਬੱਲਾ ਚੱਲਿਆ। ਰਾਨੀ ਨੇ ਇਸ ਮੈਚ ਤੋਂ ਪਹਿਲਾਂ ਸਿਰਫ਼ ਚਾਰ ਮੈਚ ਹੀ ਖੇਡੇ ਸਨ। ਉਨ੍ਹਾਂ ਨੇ ਆਪਣੇ ਪੰਜਵੇਂ ਮੈਚ ਵਿਚ ਬਿਹਤਰੀਨ ਪਾਰੀ ਖੇਡੀ ਤੇ ਅਰਧ ਸੈਂਕੜਾ ਲਾਇਆ। ਉਨ੍ਹਾਂ ਨੇ 38 ਗੇਂਦਾਂ ‘ਤੇ ਸੱਤ ਚੌਕੇ ਤੇ ਤਿੰਨ ਛੱਕਿਆਂ ਦੀ ਮਦਦ ਨਾਲ 67 ਦੌੜਾਂ ਬਣਾਈਆਂ। ਉਨ੍ਹਾਂ ਨੇ ਇਕ ਹੋਰ ਸਲਾਮੀ ਬੱਲੇਬਾਜ਼ ਲਿਟਨ ਦਾਸ ਨਾਲ ਮਿਲ ਕੇ ਸੱਤ ਓਵਰਾਂ ਵਿਚ 91 ਦੌੜਾਂ ਜੋੜੀਆਂ। ਦਾਸ ਆਪਣਾ ਅਰਧ ਸੈਂਕੜਾ ਪੂਰਾ ਨਹੀਂ ਕਰ ਸਕੇ ਤੇ 47 ਦੌੜਾਂ ਦੇ ਨਿੱਜੀ ਸਕੋਰ ‘ਤੇ ਆਊਟ ਹੋ ਗਏ। ਉਨ੍ਹਾਂ ਨੂੰ ਕ੍ਰੇਗ ਯੰਗ ਨੇ ਆਪਣਾ ਸ਼ਿਕਾਰ ਬਣਾਇਆ। ਦਾਸ ਨੇ 23 ਗੇਂਦਾਂ ਦਾ ਸਾਹਮਣਾ ਕਰ ਕੇ ਚਾਰ ਚੌਕੇ ਤੇ ਤਿੰਨ ਛੱਕੇ ਲਾਏ। ਫਿਰ ਨਜਮੁਲ ਹੁਸੈਨ ਸ਼ੰਟੋ 14 ਦੌੜਾਂ ਬਣਾ ਕੇ ਆਊਟ ਹੋ ਗਏ। ਰਾਨੀ ਦੀ ਵਿਕਟ 154 ਦੌੜਾਂ ਦੇ ਕੁੱਲ ਸਕੋਰ ‘ਤੇ ਡਿੱਗੀ। ਉਨ੍ਹਾਂ ਨੇ ਹਿਊਮ ਨੇ ਬੋਲਡ ਕੀਤਾ। ਅੰਤ ਵਿਚ ਸ਼ਮੀਮ ਹੁਸੈਨ ਨੇ 20 ਗੇਂਦਾਂ ‘ਤੇ 30 ਤੇ ਕਪਤਾਨ ਸ਼ਾਕਿਬ ਅਲ ਹਸਨ ਨੇ 13 ਗੇਂਦਾਂ ‘ਤੇ 20 ਦੌੜਾਂ ਬਣਾ ਕੇ ਟੀਮ ਨੂੰ 200 ਦੇ ਪਾਰ ਪਹੁੰਚਾਉਣ ਵਿਚ ਮਦਦ ਕੀਤੀ।
ਬੰਗਲਾਦੇਸ਼ ਦੇ ਬੱਲੇਬਾਜ਼ਾਂ ਤੋਂ ਬਾਅਦ ਟੀਮ ਦੇ ਤੇਜ਼ ਗੇਂਦਬਾਜ਼ ਤਸਕੀਨ ਅਹਿਮਦ ਨੇ ਆਪਣੀਆਂ ਗੇਂਦਾਂ ਦਾ ਜਲਵਾ ਦਿਖਾਇਆ ਤੇ ਆਇਰਲੈਂਡ ਨੂੰ ਮੁਸ਼ਕਲ ਵਿਚ ਪਾ ਦਿੱਤਾ। ਇਸ ਗੇਂਦਬਾਜ਼ ਨੇ ਦੋ ਓਵਰਾਂ ਵਿਚ ਹੀ ਚਾਰ ਵਿਕਟਾਂ ਆਪਣੇ ਨਾਂ ਕਰ ਲਈਆਂ। ਇਨ੍ਹਾਂ ਦੋ ਓਵਰਾਂ ਵਿਚ ਉਨ੍ਹਾਂ ਨੇ 16 ਦੌੜਾਂ ਖ਼ਰਚ ਕੀਤੀਆਂ। ਉਨ੍ਹਾਂ ਤੋਂ ਇਲਾਵਾ ਹਸਨ ਮਹਿਮੂਦ ਨੇ ਇਕ ਵਿਕਟ ਲਈ। ਹਸਨ ਨੇ ਬੰਗਲਾਦੇਸ਼ ਨੂੰ ਪਹਿਲੀ ਵਿਕਟ ਦਿਵਾਈ ਜਦ ਰਾਸ ਏਡੇਰ ਉਨ੍ਹਾਂ ਦਾ ਸ਼ਿਕਰ ਬਣੇ ਜਿਨ੍ਹਾਂ ਨੇ 13 ਦੌੜਾਂ ਬਣਾਈਆਂ। ਇਸ ਤੋਂ ਬਾਅਦ ਤਸਕੀਨ ਨੇ ਆਪਣਾ ਜਲਵਾ ਦਿਖਾਇਆ। ਉਨ੍ਹਾਂ ਨੇ ਪਹਿਲਾਂ ਲਾਰਕਨ ਟਕਰ (01) ਨੂੰ ਆਊਟ ਕੀਤਾ। ਕਪਤਾਨ ਪਾਲ ਸਟਾਰਲਿੰਗ 17 ਦੌੜਾਂ ‘ਤੇ ਤਸਕੀਨ ਦੀ ਗੇਂਦ ‘ਤੇ ਬੋਲਡ ਹੋ ਗਏ। ਹੈਰੀ ਟੈਕਟਰ 19 ਦੌੜਾਂ ਤੇ ਜਾਰਜ ਡਾਕਰੇਲ ਬਿਨਾਂ ਖਾਤਾ ਖੋਲ੍ਹੇ ਆਊਟ ਹੋਏ।