ਨਵੀਂ ਦਿੱਲੀ, 08 ਨਵੰਬਰ 2023- ਗਲੇਨ ਮੈਕਸਵੈੱਲ ਨੇ ਮੰਗਲਵਾਰ ਨੂੰ ਅਫਗਾਨਿਸਤਾਨ ਖਿਲਾਫ ਵਿਸ਼ਵ ਕ੍ਰਿਕਟ ਦੀ ਸ਼ਾਇਦ ਸਭ ਤੋਂ ਵੱਡੀ ਪਾਰੀ ਖੇਡੀ, ਜਿਸ ਨੂੰ ਦੇਖ ਕੇ ਵਿਰਾਟ ਕੋਹਲੀ ਕਾਫੀ ਪ੍ਰਭਾਵਿਤ ਹੋਏ। ਗਲੇਨ ਮੈਕਸਵੈੱਲ ਨੇ ਵਾਨਖੇੜੇ ਸਟੇਡੀਅਮ ਵਿਚ ਦਰਦ ਦੇ ਬਾਵਜੂਦ ਦੋਹਰਾ ਸੈਂਕੜਾ ਮਾਰ ਕੇ ਆਸਟਰੇਲੀਆ ਨੂੰ ਸੈਮੀਫਾਈਨਲ ਵਿਚ ਪਹੁੰਚਾਇਆ।
ਜ਼ਿਕਰਯੋਗ ਹੈ ਕਿ ਵਿਸ਼ਵ ਕੱਪ 2023 ਦੇ 39ਵੇਂ ਮੈਚ ਵਿਚ ਅਫਗਾਨਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 50 ਓਵਰਾਂ ਵਿਚ 5 ਵਿਕਟਾਂ ਗੁਆ ਕੇ 291 ਦੌੜਾਂ ਬਣਾਈਆਂ। ਜਵਾਬ ਵਿੱਚ ਆਸਟਰੇਲੀਆ ਨੇ 46.5 ਓਵਰਾਂ ਵਿਚ ਸੱਤ ਵਿਕਟਾਂ ਗੁਆ ਕੇ ਟੀਚਾ ਹਾਸਿਲ ਕਰ ਲਿਆ। ਕੰਗਾਰੂ ਟੀਮ ਦੀ ਜਿੱਤ ਦਾ ਹੀਰੋ ਗਲੇਨ ਮੈਕਸਵੈੱਲ ਰਿਹਾ, ਜਿਸ ਨੇ 128 ਗੇਂਦਾਂ ਵਿਚ 21 ਚੌਕਿਆਂ ਅਤੇ 10 ਛੱਕਿਆਂ ਦੀ ਮਦਦ ਨਾਲ 201 ਦੌੜਾਂ ਬਣਾਈਆਂ।
ਕੋਹਲੀ ਨੇ ਕੀਤੀ ਤਾਰੀਫ਼
ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਗਲੇਨ ਮੈਕਸਵੈੱਲ ਦੀ ਪਾਰੀ ਤੋਂ ਕਾਫੀ ਪ੍ਰਭਾਵਿਤ ਹੋਏ। ਕੋਹਲੀ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਛੇ ਸ਼ਬਦਾਂ ਦੀ ਮਦਦ ਨਾਲ ਮੈਕਸਵੈੱਲ ਦੀ ਤਾਰੀਫ ਕੀਤੀ। ਮੈਕਸਵੈੱਲ ਦੀ ਫੋਟੋ ਸ਼ੇਅਰ ਕਰਦਿਆਂ 35 ਸਾਲਾ ਕੋਹਲੀ ਨੇ ਕੈਪਸ਼ਨ ‘ਚ ਲਿਖਿਆ, ‘ਸਿਰਫ ਤੁਸੀਂ ਹੀ ਇਹ ਕਰ ਸਕਦੇ ਹੋ।’ ਸ਼ਾਨਦਾਰ ਪਾਰੀ।
ਜ਼ਿਕਰਯੋਗ ਹੈ ਕਿ ਗਲੇਨ ਮੈਕਸਵੈੱਲ ਅਤੇ ਵਿਰਾਟ ਕੋਹਲੀ IPL ‘ਚ ਰਾਇਲ ਚੈਲਿੰਜਰਸ ਬੈਂਗਲੁਰੂ ਲਈ ਇਕੱਠੇ ਖੇਡਦੇ ਹਨ। ਦੋਵਾਂ ਵਿਚਾਲੇ ਬਹੁਤ ਡੂੰਘੀ ਦੋਸਤੀ ਹੈ। ਮੈਕਸਵੈੱਲ ਨੇ ਵਨਡੇ ਇਤਿਹਾਸ ਵਿੱਚ ਸਭ ਤੋਂ ਤੇਜ਼ ਦੋਹਰਾ ਸੈਂਕੜਾ ਲਗਾਇਆ ਅਤੇ ਰਿਕਾਰਡਾਂ ਦੀ ਲੜੀ ਬਣਾਈ।