ਨਵੀਂ ਦਿੱਲੀ, 08 ਨਵੰਬਰ 2023- ICC Odi Rankings Batsman and Bowler। ਦੁਨੀਆ ਦੇ ਨੰਬਰ 1 ਵਨਡੇ ਬੱਲੇਬਾਜ਼ ਦੀ ਰੈਂਕਿੰਗ ‘ਚ ਵੱਡਾ ਬਦਲਾਅ ਹੋਇਆ ਹੈ। ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੂੰ ਆਈਸੀਸੀ ਵਨਡੇ ਵਿਸ਼ਵ ਕੱਪ 2023 ਦੌਰਾਨ ਬੰਪਰ ਫਾਇਦਾ ਹੋਇਆ ਹੈ। ਸ਼ੁਭਮਨ ਗਿੱਲ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੂੰ ਪਛਾੜ ਕੇ ਦੁਨੀਆ ਦੇ ਨੰਬਰ 1 ਵਨਡੇ ਬੱਲੇਬਾਜ਼ ਬਣ ਗਏ ਹਨ।
ਉੱਥੇ ਹੀ ਬਾਬਰ ਆਜ਼ਮ ਦਾ 950 ਦਿਨਾਂ ਦਾ ਰਾਜ ਹੁਣ ਖਤਮ ਹੋ ਗਿਆ ਹੈ। ਸ਼ੁਭਮਨ ਗਿੱਲ ਸਭ ਤੋਂ ਘੱਟ ਉਮਰ ‘ਚ ਆਈਸੀਸੀ ਵਨਡੇ ਰੈਂਕਿੰਗ ‘ਚ ਨੰਬਰ 1 ਬੱਲੇਬਾਜ਼ ਬਣ ਗਏ ਹਨ। ਇਸ ਮਾਮਲੇ ‘ਚ ਉਨ੍ਹਾਂ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨੂੰ ਵੀ ਪਿੱਛੇ ਛੱਡ ਦਿੱਤਾ ਹੈ।
ਇਸ ਦੇ ਨਾਲ ਹੀ ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਵੀ ਤਾਜ਼ਾ ਵਨਡੇ ਗੇਂਦਬਾਜ਼ਾਂ ਦੀ ਰੈਂਕਿੰਗ ‘ਚ ਪਹਿਲਾ ਸਥਾਨ ਹਾਸਲ ਕੀਤਾ ਹੈ। ਸਿਰਾਜ ਨੇ ਸ਼ਾਹੀਨ ਸ਼ਾਹ ਅਫਰੀਦੀ ਤੋਂ ਨੰਬਰ 1 ਵਨਡੇ ਗੇਂਦਬਾਜ਼ ਦੀ ਕੁਰਸੀ ਖੋਹ ਲਈ। ਇਸ ਵਿਸ਼ਵ ਕੱਪ ‘ਚ ਭਾਰਤੀ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਬੱਲੇਬਾਜ਼ੀ ਤੇ ਗੇਂਦਬਾਜ਼ੀ ਦੋਵਾਂ ਦੀ ਵਨਡੇ ਸੂਚੀ ‘ਚ ਸਿਖਰ ‘ਤੇ ਬਦਲਾਅ ਆਇਆ ਹੈ।
ICC ODI Rankings: Shubman Gill ਬਣੇ ਦੁਨੀਆ ਦੇ ਨੰਬਰ 1 ਵਨਡੇ ਬੱਲੇਬਾਜ਼
ਦਰਅਸਲ, ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੇ ਇਸ ਵਿਸ਼ਵ ਕੱਪ ‘ਚ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ, ਉੱਥੇ ਹੀ ਪਾਕਿਸਤਾਨੀ ਟੀਮ ਦੇ ਕਪਤਾਨ ਬਾਬਰ ਆਜ਼ਮ ਦਾ ਬੱਲਾ ਵੀ ਜ਼ਿਆਦਾ ਨਹੀਂ ਚੱਲਿਆ। ਇਸ ਕਾਰਨ ਗਿੱਲ ਨੇ ਬਾਬਰ ਨੂੰ ਹਰਾ ਕੇ ਵਨਡੇ ਦੇ ਨੰਬਰ 1 ਬੱਲੇਬਾਜ਼ ਦਾ ਟੈਗ ਹਾਸਲ ਕੀਤਾ। ਗਿੱਲ ਸਚਿਨ ਤੇਂਦੁਲਕਰ, ਐਮਐਸ ਧੋਨੀ ਤੇ ਵਿਰਾਟ ਕੋਹਲੀ ਤੋਂ ਬਾਅਦ ਵਨਡੇ ‘ਚ ਨੰਬਰ 1 ਬੱਲੇਬਾਜ਼ ਦਾ ਟੈਗ ਹਾਸਲ ਕਰਨ ਵਾਲੇ ਚੌਥੇ ਭਾਰਤੀ ਖਿਡਾਰੀ ਬਣ ਗਏ ਹਨ।
ਸ਼ੁਭਮਨ ਗਿੱਲ ਨੇ ਤੋੜਿਆ ਸਚਿਨ ਤੇਂਦੁਲਕਰ ਦਾ ਇਹ ਰਿਕਾਰਡ
ਗਿੱਲ ਨੇ ਇਸ ਮਾਮਲੇ ‘ਚ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਸਚਿਨ ਤੇਂਦੁਲਕਰ ਨੇ 25 ਸਾਲ ਦੀ ਉਮਰ ‘ਚ ਆਈਸੀਸੀ ਵਨਡੇ ਰੈਂਕਿੰਗ ‘ਚ ਪਹਿਲਾ ਸਥਾਨ ਹਾਸਲ ਕੀਤਾ ਸੀ, ਜਦਕਿ ਸ਼ੁਭਮਨ ਗਿੱਲ ਨੇ 24 ਸਾਲ ਦੀ ਉਮਰ ‘ਚ ਇਹ ਉਪਲਬਧੀ ਹਾਸਲ ਕਰ ਲਈ।
ਤੁਹਾਨੂੰ ਦੱਸ ਦੇਈਏ ਕਿ ਪਿਛਲੇ ਮੈਚਾਂ ‘ਚ ਗਿੱਲ ਨੇ ਸ਼੍ਰੀਲੰਕਾ ਖਿਲਾਫ 92 ਦੌੜਾਂ ਤੇ ਦੱਖਣੀ ਅਫਰੀਕਾ ਖਿਲਾਫ 23 ਦੌੜਾਂ ਦੀ ਪਾਰੀ ਖੇਡੀ ਸੀ ਅਤੇ ਇਸ ਟੂਰਨਾਮੈਂਟ ‘ਚ ਹੁਣ ਤਕ 6 ਮੈਚਾਂ ‘ਚ 219 ਦੌੜਾਂ ਬਣਾ ਚੁੱਕੇ ਹਨ। ਇਸ ਦੇ ਨਾਲ ਹੀ ਵਿਰਾਟ ਕੋਹਲੀ ਆਈਸੀਸੀ ਵਨਡੇ ਬੱਲੇਬਾਜ਼ਾਂ ਦੀ ਰੈਂਕਿੰਗ ‘ਚ ਚੌਥੇ ਸਥਾਨ ‘ਤੇ ਪਹੁੰਚ ਗਏ ਹਨ। ਸ਼੍ਰੇਅਸ ਅਈਅਰ 17 ਸਥਾਨਾਂ ਦੀ ਛਾਲ ਮਾਰ ਕੇ 18ਵੇਂ ਸਥਾਨ ‘ਤੇ ਪਹੁੰਚ ਗਏ ਹਨ।
ਇਸ ਤੋਂ ਇਲਾਵਾ ਮੁਹੰਮਦ ਸਿਰਾਜ ਨੇ ਇਸ ਵਿਸ਼ਵ ਕੱਪ (ਵਿਸ਼ਵ ਕੱਪ 2023) ‘ਚ ਹੁਣ ਤਕ 10 ਵਿਕਟਾਂ ਲੈ ਕੇ ਨੰਬਰ 1 ਵਨਡੇ ਗੇਂਦਬਾਜ਼ ਦਾ ਤਾਜ ਮੁੜ ਹਾਸਲ ਕਰ ਲਿਆ ਹੈ ਜਦਕਿ ਕੁਲਦੀਪ ਯਾਦਵ ਤਿੰਨ ਸਥਾਨਾਂ ਦੀ ਛਲਾਂਗ ਲਗਾ ਕੇ ਚੌਥੇ ਸਥਾਨ ਹਾਸਲ ਕੀਤਾ।
ਜਸਪ੍ਰੀਤ ਬੁਮਰਾਹ ਤਿੰਨ ਸਥਾਨਾਂ ਦੀ ਛਾਲ ਮਾਰ ਕੇ ਅੱਠਵੇਂ ਸਥਾਨ ‘ਤੇ ਪਹੁੰਚੇ ਹਨ। ਨਾਲ ਹੀ ਮੁਹੰਮਦ ਸ਼ਮੀ ਸੱਤ ਸਥਾਨਾਂ ਦੀ ਛਲਾਂਗ ਲਗਾ ਕੇ 10ਵੇਂ ਸਥਾਨ ‘ਤੇ ਹਨ। ਮੁਹੰਮਦ ਸਿਰਾਜ ਨੇ ਨੰਬਰ 1 ਵਨਡੇ ਗੇਂਦਬਾਜ਼ ਸ਼ਾਹੀਨ ਅਫਰੀਦੀ ਨੂੰ ਵੱਡਾ ਝਟਕਾ ਦਿੱਤਾ ਹੈ। ਸ਼ਾਹੀਨ ਪਹਿਲੇ ਨੰਬਰ ਤੋਂ ਸਿੱਧੇ ਪੰਜਵੇਂ ਸਥਾਨ ‘ਤੇ ਖਿਸਕ ਗਏ ਹਨ।