ਨਵੀਂ ਦਿੱਲੀ, 19 ਸਤੰਬਰ 2023 – ਏਸ਼ੀਆ ਕੱਪ 2023 ‘ਚ ਬੰਗਲਾਦੇਸ਼ ਹੱਥੋਂ ਮਿਲੀ ਹਾਰ ਕਾਰਨ ਟੀਮ ਇੰਡੀਆ ਦਾ ਵਨਡੇ ਕ੍ਰਿਕਟ ‘ਚ ਨੰਬਰ ਵਨ ਬਣਨ ਦਾ ਸੁਪਨਾ ਅਧੂਰਾ ਰਹਿ ਗਿਆ ਸੀ। ਸ੍ਰੀਲੰਕਾ ਨੂੰ ਸਿਰਫ 6.1 ਓਵਰਾਂ ‘ਚ ਹਰਾਉਣ ਦੇ ਬਾਵਜੂਦ ਰੋਹਿਤ ਦੀ ਟੀਮ ਵਨਡੇ ‘ਚ ਬਾਦਸ਼ਾਹਤ ਹਾਸਿਲ ਨਹੀਂ ਕਰ ਸਕੀ। ਹਾਲਾਂਕਿ ਭਾਰਤੀ ਟੀਮ ਕੋਲ ਆਸਟ੍ਰੇਲੀਆ ਖਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ‘ਚ ਫਿਰ ਤੋਂ ਨੰਬਰ ਇਕ ਬਣਨ ਦਾ ਮੌਕਾ ਹੋਵੇਗਾ।
ਪਹਿਲੇ ਵਨਡੇ ‘ਚ ਜਿੱਤ ਬਣਾਏਗੀ ਨੰਬਰ ਵਨ
ਭਾਰਤੀ ਟੀਮ ਇਸ ਸਮੇਂ ਵਨਡੇ ਕ੍ਰਿਕਟ ਰੈਂਕਿੰਗ ‘ਚ ਦੂਜੇ ਨੰਬਰ ‘ਤੇ ਹੈ। ਹਾਲਾਂਕਿ ਜੇ ਭਾਰਤੀ ਟੀਮ 22 ਸਤੰਬਰ ਨੂੰ ਹੋਣ ਵਾਲੇ ਆਸਟ੍ਰੇਲੀਆ ਦੇ ਖਿਲਾਫ ਹੋਣ ਵਾਲੇ ਪਹਿਲੇ ਵਨਡੇ ਮੈਚ ਨੂੰ ਜਿੱਤਣ ‘ਚ ਸਫਲ ਰਹਿੰਦੀ ਹੈ ਤਾਂ ਟੀਮ ਇੰਡੀਆ ਵਨਡੇ ਕ੍ਰਿਕਟ ‘ਚ ਬਾਦਸ਼ਾਹਤ ਹਾਸਿਲ ਕਰ ਲਵੇਗੀ। ਇਸ ਦੇ ਨਾਲ ਹੀ ਜੇਕਰ ਟੀਮ ਇੰਡੀਆ ਸੀਰੀਜ਼ ਜਿੱਤਣ ‘ਚ ਸਫਲ ਰਹਿੰਦੀ ਹੈ ਤਾਂ ਰੋਹਿਤ ਦੀ ਪਲਟਨ ਆਈਸੀਸੀ ਵਿਸ਼ਵ ਕੱਪ 2023 ਟੂਰਨਾਮੈਂਟ ‘ਚ ਨੰਬਰ ਇਕ ਦੇ ਰੂਪ ‘ਚ ਪ੍ਰਵੇਸ਼ ਕਰੇਗੀ।
ਆਸਟ੍ਰੇਲੀਆ ਕੋਲ ਵੀ ਹੈ ਮੌਕਾ
ਆਸਟ੍ਰੇਲੀਆ ਟੀਮ ਕੋਲ ਵੀ ਵਨਡੇ ਕ੍ਰਿਕਟ ‘ਚ ਨੰਬਰ ਵਨ ਬਣਨ ਦਾ ਮੌਕਾ ਹੋਵੇਗਾ। ਹਾਲਾਂਕਿ ਕੰਗਾਰੂ ਟੀਮ ਨੂੰ ਇਸ ਦੇ ਲਈ ਕਾਫੀ ਦਮਦਾਰ ਪ੍ਰਦਰਸ਼ਨ ਕਰਨਾ ਹੋਵੇਗਾ। ਜੇ ਆਸਟ੍ਰੇਲੀਆ ਤਿੰਨ ਮੈਚਾਂ ਦੀ ਸੀਰੀਜ਼ ‘ਚ ਭਾਰਤ ਨੂੰ ਕਲੀਨ ਸਵੀਪ ਕਰਨ ‘ਚ ਕਾਮਯਾਬ ਹੋ ਜਾਂਦਾ ਹੈ ਤਾਂ ਉਹ ਵਨਡੇ ਕ੍ਰਿਕਟ ‘ਚ ਇਕ ਵਾਰ ਫਿਰ ਤੋਂ ਆਪਣਾ ਦਬਦਬਾ ਬਣਾ ਲਵੇਗਾ। ਪੈਟ ਕਮਿੰਸ ਦੀ ਅਗਵਾਈ ਵਾਲੀ ਆਸਟ੍ਰੇਲੀਆਈ ਟੀਮ ਜੇ ਪਹਿਲੇ ਦੋ ਵਨਡੇ ਮੈਚ ਜਿੱਤਣ ‘ਚ ਸਫਲ ਰਹਿੰਦੀ ਹੈ ਤਾਂ ਤੀਜੇ ਵਨਡੇ ਤੱਕ ਉਹ ਨੰਬਰ ਇਕ ‘ਤੇ ਬਣੀ ਰਹੇਗੀ।
ਪਾਕਿਸਤਾਨ ਨੂੰ ਹੋਵੇਗਾ ਭਾਰੀ ਨੁਕਸਾਨ
ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ‘ਚ ਪਾਕਿਸਤਾਨ ਨੂੰ ਭਾਰੀ ਨੁਕਸਾਨ ਹੋਵੇਗਾ। ਪਾਕਿਸਤਾਨ ਨੂੰ ਵਿਸ਼ਵ ਕੱਪ ਤੋਂ ਪਹਿਲਾਂ ਕਿਸੇ ਵਨਡੇ ਸੀਰੀਜ਼ ‘ਚ ਹਿੱਸਾ ਨਹੀਂ ਲੈਣਾ ਹੋਵੇਗਾ। ਅਜਿਹੇ ‘ਚ ਬਾਬਰ ਆਜ਼ਮ ਐਂਡ ਕੰਪਨੀ ਤਾਂ ਹੀ ਨੰਬਰ ਵਨ ਬਣੇਗੀ ਜੇ ਭਾਰਤੀ ਟੀਮ ਆਸਟ੍ਰੇਲੀਆ ਖਿਲਾਫ ਸੀਰੀਜ਼ ਹਾਰਦੀ ਹੈ ਪਰ ਆਖ਼ਰੀ ਵਨਡੇ ਜਿੱਤਣ ‘ਚ ਸਫਲ ਰਹਿੰਦੀ ਹੈ। ਮਤਲਬ ਸੀਰੀਜ਼ ਦਾ ਨਤੀਜਾ 2-1 ਨਾਲ ਆਸਟ੍ਰੇਲੀਆ ਦੇ ਹੱਕ ‘ਚ ਹੋਣਾ ਚਾਹੀਦਾ ਹੈ।