ਨਵੀਂ ਦਿੱਲੀ : ਬਾਰਡਰ-ਗਾਵਸਕਰ ਟਰਾਫੀ ਦਾ ਤੀਜਾ ਮੈਚ ਇੰਦੌਰ ਦੇ ਹੋਲਕਰ ਕਿ੍ਰਕਟ ਸਟੇਡੀਅਮ ਵਿਚ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਖੇਡਿਆ ਗਿਆ। ਮੈਚ ਤਿੰਨ ਦਿਨਾਂ ਦੇ ਅੰਦਰ ਖਤਮ ਹੋ ਗਿਆ ਸੀ, ਜਿੱਥੇ ਆਸਟ੍ਰੇਲੀਆ ਨੇ 9 ਵਿਕਟਾਂ ਨਾਲ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਇਸ ਮੈਚ ਤੋਂ ਬਾਅਦ ਇੰਦੌਰ ਦੀ ਪਿੱਚ ਨੂੰ ਲੈ ਕੇ ਹੰਗਾਮਾ ਹੋਇਆ। ਇਸ ਪਿੱਚ ਨੂੰ ਖਰਾਬ ਦੱਸਦਿਆਂ ਮੈਚ ਰੈਫਰੀ ਨੇ ਇਸ ਨੂੰ ਤਿੰਨ ਨੈਗੇਟਿਵ ਪੁਆਇੰਟ ਦਿੱਤੇ, ਜਿਸ ਦੇ ਖਿਲਾਫ ਬੀਸੀਸੀਆਈ ਨੇ ਅਪੀਲ ਕੀਤੀ ਸੀ।
ਇਸ ਕੜੀ ’ਚ ਹੁਣ ਆਈਸੀਸੀ ਨੇ ਹਾਲ ਹੀ ’ਚ ਪਿੱਚ ਦੀ ਖਰਾਬ ਰੇਟਿੰਗ ’ਚ ਬਦਲਾਅ ਕੀਤਾ ਹੈ। ਆਈਸੀਸੀ ਨੇ ਮੰਨਿਆ ਹੈ ਕਿ ਪਿੱਚ ਖਰਾਬ ਨਹੀਂ ਸੀ। ਇਹ ਔਸਤ ਤੋਂ ਘੱਟ ਸੀ। ਅਜਿਹੇ ’ਚ ਤਿੰਨ ਨਕਾਰਾਤਮਕ ਅੰਕ ਹਟਾਉਂਦਿਆਂ ਹੁਣ ਸਿਰਫ ਇਕ ਹੀ ਬਚਿਆ ਹੈ।
ਇੰਦੌਰ ਪਿੱਚ ਨੂੰ ਆਈਸੀਸੀ ਤੋਂ ਵੱਡੀ ਰਾਹਤ
ਦਰਅਸਲ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਬਾਰਡਰ-ਗਾਵਸਕਰ ਟੈਸਟ ਸੀਰੀਜ਼ ਦੇ ਤੀਜੇ ਟੈਸਟ ਮੈਚ ’ਚ ਇੰਦੌਰ ਦੀ ਪਿੱਚ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ। ਹਾਲ ਹੀ ’ਚ ਇਕ ਟਵੀਟ ਸ਼ੇਅਰ ਕਰ ਕੇ ਆਈਸੀਸੀ ਨੇ ਪਿੱਚ ਨੂੰ ਲੈ ਕੇ ਮੈਚ ਰੈਫਰੀ ਵੱਲੋਂ ਦਿੱਤੀ ਗਈ ਖਰਾਬ ਰੇਟਿੰਗ ਨੂੰ ਬਦਲ ਦਿੱਤਾ ਹੈ। ਤੀਸਰਾ ਟੈਸਟ ਤਿੰਨ ਦਿਨਾਂ ਦੇ ਅੰਦਰ ਖਤਮ ਹੋਣ ਕਾਰਨ ਆਈਸੀਸੀ ਨੇ ਪਿੱਚ ਰੇਟਿੰਗ ਨੂੰ ‘ਮਾੜੀ’ ਤੋਂ ‘ਔਸਤ ਤੋਂ ਘੱਟ ’ਚ ਬਦਲ ਦਿੱਤਾ ਹੈ।
ਇੰਦੌਰ ਟੈਸਟ ’ਚ ਆਸਟ੍ਰੇਲੀਆ ਨੇ 9 ਵਿਕਟਾਂ ਨਾਲ ਕੀਤੀ ਜਿੱਤ ਦਰਜ
ਬਾਰਡਰ-ਗਾਵਸਕਰ ਟੈਸਟ ਸੀਰੀਜ਼ ਦੇ ਤੀਜੇ ਟੈਸਟ ਮੈਚ ’ਚ ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤੀ ਟੀਮ ਪਹਿਲੀ ਪਾਰੀ ਵਿਚ ਸਿਰਫ 33.2 ਓਵਰਾਂ ਵਿਚ 109 ਦੌੜਾਂ ਬਣਾ ਕੇ ਆਲਆਊਟ ਹੋ ਗਈ। ਇਸ ਤੋਂ ਬਾਅਦ ਪਹਿਲੀ ਪਾਰੀ ਵਿਚ ਉਸਮਾਨ ਖਵਾਜਾ ਦੇ ਅਰਧ ਸੈਂਕੜੇ ਦੀ ਬਦੌਲਤ ਆਸਟਰੇਲੀਆ ਨੇ ਮੈਚ ਵਿਚ ਬੜ੍ਹਤ ਬਣਾ ਲਈ। ਇਸ ਤੋਂ ਬਾਅਦ ਦੂਜੀ ਪਾਰੀ ’ਚ ਵੀ ਭਾਰਤੀ ਟੀਮ ਦੇ ਬੱਲੇਬਾਜ਼ ਕੁਝ ਖਾਸ ਪ੍ਰਦਰਸ਼ਨ ਨਹੀਂ ਕਰ ਸਕੇ। ਟੀਮ ਲਈ ਚੇਤੇਸ਼ਵਰ ਪੁਜਾਰਾ ਨੇ 59 ਦੌੜਾਂ ਦੀ ਪਾਰੀ ਖੇਡੀ, ਜੋ ਸਭ ਤੋਂ ਵੱਧ ਸਕੋਰ ਸੀ। ਇਸ ਦੇ ਨਾਲ ਹੀ ਦੂਜੀ ਪਾਰੀ ਵਿੱਚ ਟ੍ਰੈਵਿਸ ਹੈੱਡ ਅਤੇ ਮਾਰਨਸ ਲਾਬੂਸੇਨ ਦੀ ਅਰਧ ਸੈਂਕੜੇ ਵਾਲੀ ਸਾਂਝੇਦਾਰੀ ਨਾਲ ਆਸਟ੍ਰੇਲੀਆਈ ਟੀਮ ਨੇ ਤਿੰਨ ਦਿਨਾਂ ਦੇ ਅੰਦਰ ਹੀ 9 ਵਿਕਟਾਂ ਨਾਲ ਜਿੱਤ ਦਰਜ ਕੀਤੀ।