ਨਵੀਂ ਦਿੱਲੀ : 28 ਮਾਰਚ ਦਾ ਦਿਨ ਟੈਸਟ ਕ੍ਰਿਕਟ ਦੇ ਇਤਿਹਾਸ ਲਈ ਬਹੁਤ ਖਾਸ ਹੈ। ਇਸ ਦਿਨ ਨਿਊਜ਼ੀਲੈਂਡ ਦੀ ਟੀਮ ਨੇ ਇਕ ਸ਼ਰਮਨਾਕ ਰਿਕਾਰਡ ਆਪਣੇ ਨਾਂ ਦਰਜ ਕਰਵਾਇਆ ਸੀ। ਇਸ ਰਿਕਾਰਡ ਨੂੰ ਬਣਿਆਂ 68 ਸਾਲ ਹੋ ਗਏ ਹਨ ਪਰ ਅੱਜ ਤਕ ਕੀਵੀ ਟੀਮ ਇਸ ਸ਼ਰਮਨਾਕ ਰਿਕਾਰਡ ਨੂੰ ਆਪਣੇ ਨਾਂ ਤੋਂ ਵੱਖ ਕਰਨ ਵਿਚ ਨਾਕਾਮ ਰਹੀ ਹੈ।
ਦਰਅਸਲ ਇੰਗਲੈਂਡ ਖਿਲਾਫ ਟੈਸਟ ਮੈਚ ਦੀ ਇਕ ਪਾਰੀ ‘ਚ ਕੀਵੀ ਟੀਮ ਸਿਰਫ 26 ਦੌੜਾਂ ਬਣਾ ਕੇ ਆਊਟ ਹੋ ਗਈ ਸੀ। ਆਕਲੈਂਡ ਦੇ ਈਡਨ ਪਾਰਕ ‘ਚ ਖੇਡੇ ਗਏ ਇਸ ਮੈਚ ‘ਚ ਕੀਵੀ ਟੀਮ ਦਾ ਇਹ ਸਭ ਤੋਂ ਸ਼ਰਮਨਾਕ ਪ੍ਰਦਰਸ਼ਨ ਰਿਹਾ। ਇਹ ਸਕੋਰ ਪੂਰੇ ਟੈਸਟ ਕ੍ਰਿਕਟ ‘ਚ ਸਭ ਤੋਂ ਘੱਟ ਸਕੋਰ ਵੀ ਹੈ।
ਨਿਊਜ਼ੀਲੈਂਡ ਦੀ ਟੀਮ ਨੇ ਬਣਾਇਆ ਸੀ ਸ਼ਰਮਨਾਕ ਟੈਸਟ ਰਿਕਾਰਡ
ਦਰਅਸਲ ਸਾਲ 1955 ‘ਚ ਲੇਨ ਹਟਨ ਦੀ ਕਪਤਾਨੀ ‘ਚ ਇੰਗਲੈਂਡ ਕ੍ਰਿਕਟ ਟੀਮ ਨੇ ਟੈਸਟ ਕ੍ਰਿਕਟ ‘ਚ ਨਵਾਂ ਰਿਕਾਰਡ ਬਣਾਇਆ ਸੀ। ਆਕਲੈਂਡ ਦੇ ਈਡਨ ਪਾਰਕ ‘ਚ ਖੇਡੇ ਗਏ ਮੈਚ ‘ਚ ਇੰਗਲੈਂਡ ਨੇ ਨਿਊਜ਼ੀਲੈਂਡ ਨੂੰ ਸਿਰਫ 26 ਦੌੜਾਂ ‘ਤੇ ਢੇਰ ਕਰ ਦਿੱਤਾ। ਉਸ ਮੈਚ ‘ਚ ਇੰਗਲੈਂਡ ਦੀ ਟੀਮ ਦਾ ਦਬਦਬਾ ਰਿਹਾ। ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਵਾਂ ‘ਚ ਇੰਗਲਿਸ਼ ਟੀਮ ਦਾ ਪ੍ਰਦਰਸ਼ਨ ਬੇਮਿਸਾਲ ਰਿਹਾ ।
ਆਪਣੇ ਹੀ ਘਰ ‘ਚ ਕੀਵੀ ਟੀਮ ਦੀ ਹਾਲਤ ਖਰਾਬ ਨਜ਼ਰ ਆ ਰਹੀ ਸੀ। ਦੂਜੇ ਟੈਸਟ ਦੀ ਪਹਿਲੀ ਪਾਰੀ ‘ਚ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਜੌਨ ਰੀਡ ਦੀ ਅਰਧ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਪਹਿਲੀ ਪਾਰੀ ਵਿਚ 200 ਦੌੜਾਂ ਦਾ ਸਕੋਰ ਬਣ ਗਿਆ। ਜੌਨ ਨੇ ਪਹਿਲੀ ਪਾਰੀ ‘ਚ 210 ਗੇਂਦਾਂ ‘ਤੇ 73 ਦੌੜਾਂ ਦੀ ਤੂਫਾਨੀ ਪਾਰੀ ਖੇਡੀ, ਉੱਥੇ ਹੀ ਇੰਗਲੈਂਡ ਵੱਲੋਂ ਬ੍ਰਾਇਨ ਸਟੈਥਮ ਨੇ 4 ਵਿਕਟਾਂ, ਬੌਬ ਐਪਲਯਾਰਡ ਨੇ 3, ਫਰੈਂਕ ਟਾਇਸਨ ਨੇ 2 ਅਤੇ ਜੌਨੀ ਵਾਰਡੀ ਨੂੰ ਇਕ ਸਫਲਤਾ ਮਿਲੀ।
ਨਿਊਜ਼ੀਲੈਂਡ ਦੇ 5 ਬੱਲੇਬਾਜ਼ ਦੂਜੀ ਪਾਰੀ ‘ਚ ‘ਜ਼ੀਰੋ’ ‘ਤੇ ਹੋਏ ਆਊਟ
ਇਸ ਤੋਂ ਬਾਅਦ ਟੀਚੇ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਦੀ ਟੀਮ ਕੋਈ ਖਾਸ ਪ੍ਰਦਰਸ਼ਨ ਨਹੀਂ ਕਰ ਸਕੀ ਅਤੇ 119.1 ਓਵਰਾਂ ‘ਚ 246 ਦੌੜਾਂ ‘ਤੇ ਹੀ ਸਿਮਟ ਗਈ। ਕਪਤਾਨ ਹੌਟਨ ਦੀ ਟੀਮ ਨੇ 143 ਗੇਂਦਾਂ ਵਿੱਚ 53 ਦੌੜਾਂ ਬਣਾਈਆਂ ਜੋ ਟੀਮ ਲਈ ਸਭ ਤੋਂ ਵੱਧ ਸਨ। ਇਸ ਦੇ ਨਾਲ ਹੀ ਕੀਵੀ ਟੀਮ ਲਈ ਐਲੇਕਸ ਮੋਰ ਨੇ 5 ਅਤੇ ਜੌਨੀ ਹੇਸ ਨੇ ਤਿੰਨ ਵਿਕਟਾਂ ਲਈਆਂ। ਇਸ ਤਰ੍ਹਾਂ ਇੰਗਲਿਸ਼ ਟੀਮ ਨੇ 46 ਦੌੜਾਂ ਦੀ ਲੀਡ ਲੈ ਲਈ।
ਇਸ ਤੋਂ ਬਾਅਦ ਨਿਊਜ਼ੀਲੈਂਡ ਦੀ ਟੀਮ ਦੀ ਬੱਲੇਬਾਜ਼ੀ ਦੂਜੀ ਪਾਰੀ ‘ਚ ਫਲਾਪ ਰਹੀ ਅਤੇ ਟੀਮ ਦੇ 5 ਬੱਲੇਬਾਜ਼ ਬਿਨਾਂ ਖਾਤਾ ਖੋਲ੍ਹੇ ਹੀ ਪੈਵੇਲੀਅਨ ਪਰਤ ਗਏ। ਸਲਾਮੀ ਬੱਲੇਬਾਜ਼ ਬਰਟ ਸਟਕਲਿਫ ਨੇ 33 ਗੇਂਦਾਂ ‘ਤੇ 11 ਦੌੜਾਂ ਬਣਾਈਆਂ, ਜੋ ਟੀਮ ਲਈ ਸਭ ਤੋਂ ਵੱਡਾ ਸਕੋਰ ਸੀ। ਇਸ ਤਰ੍ਹਾਂ ਕੀਵੀ ਟੀਮ 27 ਓਵਰਾਂ ‘ਚ ਸਿਰਫ 26 ਦੌੜਾਂ ‘ਤੇ ਢੇਰ ਹੋ ਗਈ। ਇਸ ਤਰ੍ਹਾਂ ਇੰਗਲੈਂਡ ਦੀ ਟੀਮ ਨੇ ਦੂਜਾ ਟੈਸਟ ਪਾਰੀ ਅਤੇ 20 ਦੌੜਾਂ ਨਾਲ ਜਿੱਤ ਲਿਆ।