ਮੁੰਬਈ : ਦੱਖਣੀ ਅਫਰੀਕਾ ਤੇ ਇੰਗਲੈਂਡ ਨੂੰ ਪਿਛਲੇ ਮੈਚ ਵਿਚ ਕਮਜ਼ੋਰ ਟੀਮਾਂ ਦੇ ਹੱਥੋਂ ਅਚਾਨਕ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਹੁਣ ਦੋਵੇਂ ਟੀਮਾਂ ਸ਼ਨਿਚਰਵਾਰ ਨੂੰ ਵਿਸ਼ਵ ਕੱਪ ਦੇ ਮੈਚ ਵਿਚ ਆਹਮੋ-ਸਾਹਮਣੇ ਹੋਣਗੀਆਂ ਤਾਂ ਨਜ਼ਰਾ ਜਿੱਤ ਦੇ ਰਾਹ ’ਤੇ ਪਰਤਣ ’ਤੇ ਲੱਗੀਆਂ ਹੋਣਗੀਆਂ।
ਦੱਖਣੀ ਅਫਰੀਕਾ ਨੂੰ ਧਰਮਸ਼ਾਲਾ ਵਿਚ ਬਾਰਿਸ਼ ਪ੍ਰਭਾਵਿਤ ਮੈਚ ਵਿਚ ਨੀਦਰਲੈਂਡ ਨੇ ਹਰਾ ਕੇ ਉਲਟਫੇਰ ਕਰ ਦਿੱਤਾ। ਇਹ ਇਸ ਵਿਸ਼ਵ ਕੱਪ ਵਿਚ ਦੱਖਣੀ ਅਫਰੀਕਾ ਦੀ ਪਹਿਲੀ ਹਾਰ ਸੀ। ਇਸੇ ਤਰ੍ਹਾਂ ਇੰਗਲੈਂਡ ਨੂੰ ਦਿੱਲੀ ਵਿਚ ਅਫਗਾਨਿਸਤਾਨ ਨੇ ਮਾਤ ਦਿੱਤੀ ਸੀ। 50 ਓਵਰਾਂ ਦੇ ਵਿਸ਼ਵ ਕੱਪ ਦੇ ਇਤਿਹਾਸ ਵਿਚ ਇੰਗਲੈਂਡ ਦਾ ਦੱਖਣੀ ਅਫਰੀਕਾ ਦੇ ਵਿਰੁੱਧ ਰਿਕਾਰਡ ਭਾਵੇਂ ਹੀ 4-3 ਦਾ ਹੈ ਪਰ ਇਸ ਵਾਰ ਦੱਖਣੀ ਅਫਰੀਕਾ ਦਾ ਪ੍ਰਦਰਸ਼ਨ ਬਿਹਤਰ ਰਿਹਾ ਹੈ। ਦੱਖਣੀ ਅਫਰੀਕਾ ਨੇ ਟੂਰਨਾਮੈਂਟ ਦੀ ਸ਼ੁਰੂਆਤ ਵਿਚ ਆਸਟ੍ਰੇਲੀਆ ਤੇ ਸ੍ਰੀਲੰਕਾ ਨੂੰ 100 ਤੋਂ ਵੱਧ ਦੌੜਾਂ ਦੇ ਫਰਕ ਨਾਲ ਹਰਾਇਆ ਪਰ ਡੱਚ ਟੀਮ ਤੋਂ ਹਾਰ ਨੇ ਇਕ ਵਾਰ ਫਿਰ ਸਾਬਿਤ ਕਰ ਦਿੱਤਾ ਕਿ ਦਬਾਅ ਦੇ ਸਾਹਮਣੇ ਟੀਮ ਟੁੱਟ ਜਾਂਦੀ ਹੈ। ਇੰਗਲੈਂਡ ਦੀ ਟੀਮ ਵੀ ਹਰ ਵਿਭਾਗ ਵਿਚ ਜੂਝ ਰਹੀ ਹੈ ਤੇ ਉਸ ਦਾ ਮਨੋਬਲ ਡਿੱਗਿਆ ਹੋਇਆ ਹੈ। ਇਸ ਮੈਚ ਵਿਚ ਉਸ ਨੂੰ ਬੇਨ ਸਟੋਕਸ ਦੀਆਂ ਸੇਵਾਵਾਂ ਮਿਲ ਸਕਦੀਆਂ ਹਨ ਜੋ ਪਹਿਲੇ ਤਿੰਨ ਮੈਚ ਕਮਰ ਦੀ ਸੱਟ ਕਾਰਨ ਨਹੀਂ ਖੇਡ ਸਕਿਆ ਸੀ। ਤੇਂਬਾ ਬਾਵੁਮਾ ਬਤੌਰ ਬੱਲੇਬਾਜ਼ ਕਦੀ ਲਗਾਤਾਰ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ ਪਰ ਪਿਛਲੇ ਸਾਲ ਭਰ ਵਿਚ ਕਪਤਾਨੀ ਬਾਖੂਬੀ ਕੀਤੀ ਹੈ। ਲਗਾਤਾਰ ਦੋ ਸੈਂਕੜੇ ਦੇ ਨਾਲ ਕੁਵਿੰਟਨ ਡੀਕਾਕ ਨੇ ਸਾਬਿਤ ਕਰ ਦਿੱਤਾ ਕਿ ਉਹ ਵੀ ਪਿੱਛੇ ਨਹੀਂ ਹੈ। ਅਡੈਨ ਮਾਰਕਰਮ ਤੇ ਰਾਸੀ ਵਾਨ ਡੇਰ ਡੁਸੇਨ ਵੀ ਫਾਰਮ ਵਿਚ ਹਨ ਤੇ ਹਾਲਾਤ ਦੇ ਅਨੁਕੂਲ ਤੇਜ਼ ਖੇਡ ਸਕਦੇ ਹਨ।