ਨਵੀਂ ਦਿੱਲੀ : ਟੀਮ ਇੰਡੀਆ ਦੇ ਸਟਾਰ ਆਲਰਾਊਂਡਰ ਹਾਰਦਿਕ ਪਾਂਡਿਆ ਆਈਸੀਸੀ ਵਿਸ਼ਵ ਕੱਪ 2023 ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਮੈਚ ਨਹੀਂ ਖੇਡ ਸਕਦੇ ਹਨ। ਬੰਗਲਾਦੇਸ਼ ਖਿਲਾਫ ਖੇਡੇ ਗਏ ਮੈਚ ‘ਚ ਗੇਂਦਬਾਜ਼ੀ ਕਰਦੇ ਸਮੇਂ ਹਾਰਦਿਕ ਜ਼ਖਮੀ ਹੋ ਗਏ ਸਨ, ਜਿਸ ਕਾਰਨ ਉਨ੍ਹਾਂ ਨੂੰ ਮੈਦਾਨ ਛੱਡਣਾ ਪਿਆ ਸੀ।
ਹਾਰਦਿਕ ਦਾ ਖੇਡਣਾ ਮੁਸ਼ਕਲ ਹੈ
ਬੰਗਲਾਦੇਸ਼ ਖਿਲਾਫ ਖੇਡੇ ਗਏ ਮੈਚ ‘ਚ 9ਵੇਂ ਓਵਰ ‘ਚ ਗੇਂਦਬਾਜ਼ੀ ਕਰਦੇ ਸਮੇਂ ਹਾਰਦਿਕ ਪਾਂਡਿਆ ਦਾ ਖੱਬਾ ਗਿੱਟਾ ਮਰੋੜ ਗਿਆ, ਜਿਸ ਤੋਂ ਬਾਅਦ ਉਹ ਕਾਫੀ ਦਰਦ ‘ਚ ਦੇਖੇ ਗਏ। ਹਾਰਦਿਕ ਨੂੰ ਮੈਦਾਨ ਤੋਂ ਬਾਹਰ ਜਾਣਾ ਪਿਆ ਅਤੇ ਮੁੜ ਮੈਦਾਨ ‘ਤੇ ਨਹੀਂ ਪਰਤ ਸਕੇ। ਕਈ ਰਿਪੋਰਟਾਂ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਾਰਦਿਕ ਟੀਮ ਇੰਡੀਆ ਲਈ ਧਰਮਸ਼ਾਲਾ ਨਹੀਂ ਜਾਣਗੇ। ਜੇ ਰਿਪੋਰਟਾਂ ਦੀ ਮੰਨੀਏ ਤਾਂ ਸਟਾਰ ਆਲਰਾਊਂਡਰ ਆਪਣੀ ਸੱਟ ਤੋਂ ਉਭਰਨ ਲਈ ਸਿੱਧੇ NCA ਜਾਣਗੇ।
ਕਦੋਂ ਫਿੱਟ ਹੋਵੇਗਾ ਹਾਰਦਿਕ?
ਮੰਨਿਆ ਜਾ ਰਿਹਾ ਹੈ ਕਿ ਹਾਰਦਿਕ ਪਾਂਡਿਆ ਨਿਊਜ਼ੀਲੈਂਡ ਖਿਲਾਫ ਮੈਚ ਨਹੀਂ ਖੇਡਣਗੇ। ਹਾਲਾਂਕਿ ਖਬਰਾਂ ਮੁਤਾਬਕ ਹਾਰਦਿਕ 29 ਅਕਤੂਬਰ ਨੂੰ ਲਖਨਊ ‘ਚ ਇੰਗਲੈਂਡ ਖਿਲਾਫ ਹੋਣ ਵਾਲੇ ਮੈਚ ਤੋਂ ਪਹਿਲਾਂ ਫਿੱਟ ਹੋ ਜਾਣਗੇ। ਬੰਗਲਾਦੇਸ਼ ਖਿਲਾਫ ਜਿੱਤ ਤੋਂ ਬਾਅਦ ਰੋਹਿਤ ਸ਼ਰਮਾ ਨੇ ਹਾਰਦਿਕ ਦੀ ਸੱਟ ਬਾਰੇ ਅਪਡੇਟ ਦਿੱਤੀ। ਭਾਰਤੀ ਕਪਤਾਨ ਨੇ ਦੱਸਿਆ ਸੀ ਕਿ ਹਾਰਦਿਕ ਦੀ ਸੱਟ ਬਹੁਤ ਗੰਭੀਰ ਨਹੀਂ ਹੈ ਅਤੇ ਚਿੰਤਾ ਦੀ ਕੋਈ ਗੱਲ ਨਹੀਂ ਹੈ।