Home Technology Natural fertility : ਜ਼ਹਿਰਾਂ ਵਾਲੀ ਖੇਤੀ ਦੀ ਹਕੀਕਤ

Natural fertility : ਜ਼ਹਿਰਾਂ ਵਾਲੀ ਖੇਤੀ ਦੀ ਹਕੀਕਤ

0
Natural fertility : ਜ਼ਹਿਰਾਂ ਵਾਲੀ ਖੇਤੀ ਦੀ ਹਕੀਕਤ

ਕੋਈ ਸਮਾਂ ਸੀ ਜਦੋਂ ਪੰਜਾਬ ਦੀ ਧਰਤੀ ਨੂੰ ਉਪਜਾਊ, ਲੋਕਾਂ ਨੂੰ ਮਿਹਨਤੀ ਅਤੇ ਦੇਸ਼ ਦੇ ਲੋਕਾਂ ਦਾ ਢਿੱਡ ਭਰਨ ਲਈ ਇਸ ਦੀ ਉਪਜ ਨੂੰ ਸਲਾਹਿਆ ਜਾਂਦਾ ਸੀ ਪਰ ਪਿਛਲੇ ਕੁਝ ਅਰਸੇ ਤੋਂ ਕੁਝ ਸ਼ਾਤਰ ਲੋਕਾਂ ਨੇ ਜਾਣ-ਬੁੱਝ ਕੇ ਅਤੇ ਉਨ੍ਹਾਂ ਮਗਰ ਲੱਗ ਕੇ ਕੁਝ ਪੰਜਾਬੀਆਂ ਨੇ ਅਣਜਾਣਪੁਣੇ ’ਚ ਇਨ੍ਹਾਂ ਤਿੰਨਾਂ ਨੂੰ ਹੀ ਭੰਡਣਾ ਸ਼ੁਰੂ ਕੀਤਾ ਹੋਇਆ ਹੈ। ਇਹ ਲੋਕ ਜ਼ਮੀਨ ਨੂੰ ਬੰਜਰ ਹੋਣ ਦੀ ਕਗਾਰ ’ਤੇ ਦੱਸਦੇ ਹਨ। ਇੱਥੋਂ ਦੇ ਲੋਕਾਂ ਨੂੰ ਨਸ਼ੇੜੀ ਅਤੇ ਅਨਾਜ ਨੂੰ ਜ਼ਹਿਰਾਂ ਦੀ ਖੇਤੀ ਦੱਸਦੇ ਹਨ। ਇੱਥੋਂ ਤੱਕ ਕਿ ਕਈ ਡਾਕਟਰ ਦੱਸਦੇ ਤਾਂ ਆਪਣੇ ਆਪ ਨੂੰ ਪੰਜਾਬ ਹਿਤੈਸ਼ੀ ਹਨ ਪਰ ਯੂ-ਟਿਊਬ ’ਤੇ ਉਪਰੋਕਤ ਵਿਸ਼ਿਆਂ ’ਤੇ ਵੀਡੀਓ ਅਤੇ ਡਿਬੈਟ ਕਰ ਕੇ ਇਨ੍ਹਾਂ ਮੁੱਦਿਆਂ ਦਾ ਪ੍ਰਚਾਰ ਕਰਨ ’ਚ ਕੋਈ ਕਸਰ ਨਹੀਂ ਛੱਡਦੇ। ਥੋੜ੍ਹੇ ਦਿਨ ਪਹਿਲਾਂ ਆਟਾ ਚੱਕੀ ’ਤੇ ਇਕ ਜ਼ਿਆਦਾ ਪੈਸੇ ਵਾਲਾ ਪੰਜਾਬੀ ਮੱਧ ਪ੍ਰਦੇਸ਼ (ਐੱਮਪੀ) ਦੀ ਕਣਕ ਦਾ ਆਟਾ 63 ਰੁਪਏ ਕਿੱਲੋ ਖ਼ਰੀਦ ਕੇ ਲੈ ਕੇ ਗਿਆ। ਥੈਲੀ ਕਾਰ ’ਚ ਰੱਖਦੇ ਸਮੇਂ ਉਸ ਨੇ ਘੱਟੋ-ਘੱਟ ਤਿੰਨ ਵਾਰ ਕਿਹਾ ਕਿ ਲਾਹਨਤ ਹੈ ਸਾਡੇ ਪੰਜਾਬੀ ਹੋਣ ’ਤੇ, ਅਸੀਂ ਪੰਜਾਬ ’ਚ ਰਹਿ ਕੇ ਐੱਮਪੀ ਦਾ ਆਟਾ ਖਾ ਰਹੇ ਹਾਂ ਪਰ ਉਸ ਲਾਹਨਤਾਂ ਪਾਉਣ ਵਾਲੇ ਬੰਦੇ ਨੂੰ ਕਦੇ ਇਹ ਖ਼ਿਆਲ ਨਹੀਂ ਆਇਆ ਕਿ ਮੈਂ ਖੇਤੀਬਾੜੀ ਯੂਨੀਵਰਸਿਟੀ ਅੰਦਰ ਵੜ ਕੇ ਪੁੱਛ ਹੀ ਲਵਾਂ ਕਿ ਭਾਈ ਜਿਹੜੀ ਕਣਕ ਤੁਸੀਂ ਪੈਦਾ ਕਰਦੇ ਹੋ, ਉਸ ’ਚ ਕੀ ਕਮੀ ਹੈ ਅਤੇ ਐੱਮਪੀ ਵਾਲੀ ’ਚ ਕੀ ਖ਼ਾਸੀਅਤ ਹੈ, ਬੱਸ ਇਕ ਦੂਜੇ ਮਗਰ ਲੱਗ ਕੇ ਭੰਡੀ ਪ੍ਰਚਾਰ ਜਾਰੀ ਹੈ। ਏਸੇ ਵਾਕਿਆ ਨੇ ਮੈਨੂੰ ਇਹ ਲੇਖ ਲਿਖਣ ਲਈ ਮਜਬੂਰ ਕੀਤਾ।

ਜ਼ਮੀਨ

ਪੰਜਾਬ ਦੀ ਜ਼ਮੀਨ ਦਰਿਆਵਾਂ ਦੀ ਰੋੜ ਨਾਲ ਲਿਆਂਦੀ ਮਿੱਟੀ ਤੋਂ ਬਣੀ ਹੈ। ਇਸੇ ਕਰਕੇ ਕਿਤੇ ਰੇਤਲੀ ਅਤੇ ਕਿਤੇ ਮੈਰਾ ਹੈ ਪਰ ਜ਼ਿਆਦਾਤਰ ਜ਼ਮੀਨਾਂ ਰੇਤਲੀ ਮੈਰਾ ਸ਼੍ਰੇਣੀ ’ਚ ਆਉਂਦੀਆਂ ਹਨ। ਜਿੱਥੋਂ ਤੱਕ ਟੋਪੋਗ੍ਰਾਫੀ ਦਾ ਸਵਾਲ ਹੈ, 1950-70 ਤੱਕ ਜ਼ਮੀਨਾਂ ਬਹੁਤੀਆਂ ਉੱਚੀਆਂ-ਨੀਵੀਆਂ ਸਨ, ਸਿਰਫ਼ ਮਾਝੇ ਅਤੇ ਦੁਆਬੇ ਦਾ ਹੀ ਕੁਝ ਇਲਾਕਾ ਪੱਧਰਾ ਸੀ, ਜਿੱਥੇ ਸਿੰਚਾਈ ਦੇ ਸਾਧਨ ਪਹਿਲਾਂ ਆਏ। ਕੰਡੀ ਦਾ ਇਲਾਕਾ ਤਾਂ ਉੱਚਾ ਨੀਵਾਂ ਹੋਣਾ ਹੀ ਸੀ, ਮਾਲਵਾ ਵੀ ਸਾਰਾ ਹੀ ਟਿੱਬਿਆਂ ਨਾਲ ਭਰਿਆ ਪਿਆ ਸੀ। ਕਿਸੇ ਵੀ 80-85 ਸਾਲ ਦੇ ਬਜ਼ੁਰਗ ਨੂੰ ਪੁੱਛ ਕੇ ਦੇਖੋ ਕਿ ਹੁਣ ਵਾਲੇ ਪੰਜਾਬ ’ਚ ਉਸ ਵਕਤ ਜ਼ਮੀਨਾਂ ਕਿੰਨੀਆਂ ਕੁ ਪੱਧਰ ਸਨ। ਏਨਾ ਹੀ ਨਹੀਂ, ਪੰਜਾਬ ਦੇ 42 ਲੱਖ ਹੈਕਟੇਅਰ ਦੇ ਵਾਹੀਯੋਗ ਰਕਬੇ ’ਚੋਂ ਤਕਰੀਬਨ 7 ਲੱਖ ਹੈਕਟੇਅਰ ਸੇਮ ਅਤੇ ਕੱਲਰ ਵਾਲੀਆਂ ਜ਼ਮੀਨਾਂ ਸਨ। ਅੱਜ ਪੰਜਾਬ ਦੀ ਜ਼ਮੀਨ ਤੇ ਫ਼ਸਲ ਜੋ ਇਕਸਾਰ ਨਜ਼ਰ ਆਉਂਦੀ ਹੈ, ਇਹ ਪੰਜਾਬੀਆਂ ਦੀ ਮਿਹਨਤ ਦਾ ਹੀ ਨਤੀਜਾ ਹੈ।

ਕੀ ਰਸਾਇਣਕ ਖਾਦਾਂ ਜ਼ਹਿਰਾਂ ਹਨ?

ਰਸਾਇਣਕ ਖਾਦਾਂ ਫ਼ਸਲਾਂ ਦੇ ਵਾਧੇ ਲਈ ਜ਼ਰੂਰੀ ਤੱਤ ਹਨ ਜਾਂ ਕਹਿ ਲਓ ਫ਼ਸਲ ਦੀ ਖ਼ੁਰਾਕ ਹਨ। ਫਿਰ ਫ਼ਸਲ ਦੀ ਖ਼ੁਰਾਕ ਜ਼ਹਿਰ ਕਿਵੇਂ ਬਣ ਗਈ? ਜਿਹੜੇ ਤੱਤ ਪਾਉਣ ਨਾਲ ਅਨਾਜ ਬਣਦਾ ਹੈ, ਉਹ ਜ਼ਹਿਰ ਕਿਵੇਂ ਹੋ ਸਕਦੇ ਹਨ? ਅਸੀਂ ਕਣਕ-ਝੋਨੇ ਨੂੰ ਮੁੱਖ ਤੌਰ ’ਤੇ ਦੋ ਖਾਦਾਂ ਯੂਰੀਆ, ਡੀਏਪੀ ਤੇ ਥੋੜ੍ਹੀ ਮਾਤਰਾ ’ਚ ਜ਼ਿੰਕ ਪਾਉਂਦੇ ਹਾਂ। ਰੇਤਲੀਆਂ ਜ਼ਮੀਨਾਂ ’ਚ ਝੋਨੇ ਤੇ ਫੈਰੇਸ ਸਲਫੇਟ (ਲੋਹੇ ਦੀ ਘਾਟ) ਤੇ ਕਣਕ ਨੂੰ ਮੈਗਨੀਜ਼ ਸਲਫੇਟ (ਮੈਗਨੀਜ਼ ਦੀ ਘਾਟ ਲਈ) ਸਪਰੇਅ ਕਰਦੇ ਹਾਂ। ਯੂਰੀਏ ’ਚ ਨਾਈਟ੍ਰੋਜਨ, ਹਾਈਡ੍ਰੋਜਨ, ਕਾਰਬਨ ਅਤੇ ਆਕਸੀਜਨ ਹਨ। ਜਦੋਂ ਯੂਰੀਆ ਖੇਤ ’ਚ ਪਾਉਂਦੇ ਹਾਂ ਤਾਂ ਪਹਿਲਾਂ ਅਮੋਨੀਅਮ ਅਤੇ ਫਿਰ ਨਾਈਟ੍ਰੇਟ ਬਣ ਕੇ ਨਾਈਟ੍ਰੋਜਨ ਬੂਟੇ ਅੰਦਰ ਚਲੀ ਜਾਂਦੀ ਹੈ, ਜਿਸ ਤੋਂ ਅੱਗੇ ਪ੍ਰੋਟੀਨ ਬਣਦੀ ਹੈ, ਜੋ ਸਾਡੀ ਸਿਹਤ ਦਾ ਜ਼ਰੂਰੀ ਅੰਗ ਹੈ। ਬਾਕੀ ਦਾ ਹਿੱਸਾ (ਪਾਣੀ ਅਤੇ ਕਾਰਬਨ ਡਾਈਆਕਸਾਈਡ) ਬਣ ਕੇ ਫਿਰ ਵਾਯੂ ਮੰਡਲ ’ਚ ਚਲਾ ਜਾਂਦਾ ਹੈ। ਜੋ ਯੂਰੀਆ ਅਸੀਂ ਪਾਉਂਦੇ ਹਾਂ, ਉਸ ਦਾ 80 ਫ਼ੀਸਦੀ ਤੋਂ ਵੱਧ ਅਸੀਂ ਫ਼ਸਲ ਰਾਹੀਂ ਕੱਢ ਲੈਂਦੇ ਹਾਂ, ਬਾਕੀ ਗੈਸ ਬਣ ਕੇ ਫਿਰ ਹਵਾ ’ਚ ਚਲੀ ਜਾਂਦੀ ਹੈ, ਜਿੱਥੇ ਪਹਿਲਾਂ ਹੀ 79 ਫ਼ੀਸਦੀ ਨਾਈਟ੍ਰੋਜਨ ਹੈ, ਫਿਰ ਜ਼ਮੀਨ ’ਚ ਜ਼ਹਿਰ ਕਿੱਥੇ ਰਹਿ ਗਈ? ਦੂਜੀ ਖਾਦ ਹੈ ਡੀਏਪੀ, ਜਿਸ ’ਚ ਦੋ ਤੱਤ ਹਨ ਅਮੋਨੀਅਮ ਅਤੇ ਫਾਸਫੇਟ। ਇਹ ਖਾਦ ਜਦੋਂ ਖੇਤ ’ਚ ਪਾਈ ਜਾਂਦੀ ਹੈ ਤਾਂ ਪਾਣੀ ’ਚ ਘੁਲ ਕੇ ਅਮੋਨੀਅਮ ਅਤੇ ਫਾਸਫੇਟ ਅੱਡ-ਅੱਡ ਹੋ ਜਾਂਦੇ ਹਨ। ਅਮੋਨੀਅਮ ਯੂਰੀਏ ਦੀ ਨਾਈਟ੍ਰੋਜਨ ਦੀ ਤਰ੍ਹਾਂ ਵਰਤਿਆ ਜਾਂਦਾ ਹੈ ਅਤੇ ਫਾਸਫੋਰਸ ਵੀ ਜੜ੍ਹਾਂ ਰਾਹੀਂ ਬੂਟੇ ਅੰਦਰ ਜਾ ਕੇ ਮੈਟਾਬੋਲਿਜ਼ਮ ’ਚ ਸਹਾਈ ਹੁੰਦਾ ਹੈ। ਫਾਸਫੋਰਸ ਵੀ ਸਾਡੀ ਸਿਹਤ ਲਈ ਜ਼ਰੂਰੀ ਹੈ। ਸਾਡੀਆਂ ਹੱਡੀਆਂ ਕੈਲਸ਼ੀਅਮ ਫਾਸਫੇਟ ਹੀ ਤਾਂ ਹਨ। ਜਿੰਨੀ ਫਾਸਫੇਟ ਖਾਦ ਅਸੀਂ ਦੋਨੋਂ ਫ਼ਸਲਾਂ ਨੂੰ ਪਾਉਂਦੇ ਹਾਂ, ਤਕਰੀਬਨ ਓਨੀ ਹੀ ਕੱਢ ਲੈਂਦੇ ਹਾਂ। ਜੇ ਕੋਈ ਜ਼ਿਆਦਾ ਪਾਉਣ ਨਾਲ ਬਚ ਵੀ ਜਾਵੇ ਤਾਂ ਉਹ ਜ਼ਮੀਨ ਵਿਚਲੇ ਕੈਲਸ਼ੀਅਮ ਫਾਸਫੇਟ ਦਾ ਹਿੱਸਾ ਬਣ ਜਾਂਦਾ ਹੈ, ਜਿਸ ’ਚ ਕੋਈ ਜ਼ਹਿਰੀਲਾ ਮਾਦਾ ਨਹੀਂ ਹੁੰਦਾ। ਇਸ ਤੋਂ ਅੱਗੇ ਗੱਲ ਕਰਦੇ ਹਾਂ ਜ਼ਿੰਕ ਦੀ। ਜ਼ਿੰਕ ਮਨੁੱਖੀ ਸਿਹਤ ਲਈ ਜ਼ਰੂਰੀ ਤੱਤ ਹੈ ਅਤੇ ਡਾਕਟਰ ਵੀ ਬੀਕਾਸੂਲ ਜ਼ੈੱਡ ਦੇ ਕੈਪਸੂਲ ਦੀ ਸਿਫ਼ਾਰਸ਼ ਕਰਦੇ ਹਨ। ਤਰੱਕੀ ਯਾਫਤਾ ਦੇਸ਼ਾਂ ’ਚ ਘੱਟ ਜ਼ਿੰਕ ਕੁਪੋਸ਼ਣ ਦਾ ਵਿਸ਼ਾ ਬਣਿਆ ਹੋਇਆ ਹੈ ਖ਼ਾਸ ਕਰਕੇ ਉਨ੍ਹਾਂ ਇਲਾਕਿਆਂ ’ਚ ਜਿੱਥੇ ਲੋਕ ਚੌਲ ਜ਼ਿਆਦਾ ਖਾਂਦੇ ਹਨ। ਇਹ ਦੇਸ਼ ਅਤੇ ਪੰਜਾਬ ਦਾ ਅਨਾਜ ਖਾਣ ਵਾਲੇ ਲੋਕਾਂ ਦੀ ਖ਼ੁਸ਼ਕਿਸਮਤੀ ਹੈ ਕਿ ਸਾਡੇ ਪੈਦਾ ਕੀਤੇ ਕਣਕ ਤੇ ਚੌਲ ਦੋਵਾਂ ’ਚ ਹੀ ਜ਼ਿੰਕ ਦੀ ਕਮੀ ਨਹੀਂ। ਜਿਹੜਾ ਜ਼ਿੰਕ ਸਲਫੇਟ ਫ਼ਾਲਤੂ ਜ਼ਮੀਨ ’ਚ ਬਚਦਾ ਹੈ, ਉਹ ਜ਼ਮੀਨ ਦੇ ਖਣਿਜਾਂ ਦਾ ਹਿੱਸਾ ਬਣ ਜਾਂਦਾ ਹੈ ਭਾਵ ਬਹੁਤ ਘੱਟ ਘੁਲਣਸ਼ੀਲ ਰਹਿੰਦਾ ਹੈ ਅਤੇ ਉਸ ਦਾ ਜ਼ਮੀਨ ਦੀ ਸਿਹਤ ’ਤੇ ਕੋਈ ਨੁਕਸਾਨ ਨਹੀਂ ਹੁੰਦਾ। ਫੈਰਸ ਸਲਫੇਟ ਅਤੇ ਮੈਗਨੀਜ਼ ਸਲਫੇਟ ਤਾਂ ਕੀਤੇ ਹੀ ਸਪਰੇਅ ਜਾਂਦੇ ਹਨ ਫ਼ਸਲ ’ਚ ਘਾਟ ਦੂਰ ਕਰਨ ਲਈ। ਇਸ ਲਈ ਕੋਈ ਵੀ ਰਸਾਇਣਕ ਖਾਦ ਖੇਤ ’ਚ ਜ਼ਹਿਰ ਨਹੀਂ ਛੱਡ ਕੇ ਜਾਂਦੀ। ਯੂਨੀਵਰਸਿਟੀ ਵੱਲੋਂ ਸਿਫ਼ਾਰਸ਼ ਕੀਤੀਆਂ ਰਸਾਇਣਕ ਖਾਦਾਂ ਵਰਤਣ ਨਾਲ ਫ਼ਸਲ ਚੰਗੀ ਹੋਈ। ਚੰਗੀ ਫ਼ਸਲ ਦੀਆਂ ਜੜ੍ਹਾਂ ਅਤੇ ਹੋਰ ਰਹਿੰਦ-ਖੂੰਹਦ ਵੀ ਵੱਧ ਹੋਵੇਗੀ, ਜਿਸ ਨਾਲ ਜ਼ਮੀਨ ’ਚ ਜੀਵਕ ਮਾਦਾ ਵਧਿਆ। ਜੀਵਕ ਮਾਦਾ ਵਧਣ ਦਾ ਮਤਲਬ ਜ਼ਮੀਨ ਦੀ ਉਪਜਾਊ ਸ਼ਕਤੀ ਅਤੇ ਉਸ ਦੀ ਬਫਰਿੰਗ ਕਪੈਸਟੀ ਵੀ ਵਧੀ ਭਾਵ ਜਿਹੜੇ ਰਸਾਇਣ, ਨਦੀਨ ਨਾਸ਼ਕ ਜਾਂ ਕੀਟਨਾਸ਼ਕ ਜ਼ਮੀਨ ਉੱਪਰ ਡਿੱਗਦੇ ਹਨ, ਉਨ੍ਹਾਂ ਨੂੰ ਆਪਣੀ ਪਕੜ ’ਚ ਲਿਆਉਂਦੀ ਹੈ ਅਤੇ ਹੇਠਾਂ ਵੱਲ ਜਾਣ ਤੋਂ ਰੋਕਦੀ ਹੈ। ਜਿੱਥੇ ਜੀਵਕ ਮਾਦਾ ਜ਼ਿਆਦਾ ਹੋਵੇਗਾ, ਉੱਥੇ ਮਾਈਕ੍ਰੋਬਸ (ਬੈਕਟੀਰੀਆ, ਉੱਲੀ ਅਤੇ ਐਕਟੀਨੋਪਾਈਸਟੀਸ) ਵੀ ਜ਼ਿਆਦਾ ਹੋਣਗੇ, ਜਿਹੜੇ ਬਚੇ-ਖੁਚੇ ਨਦੀਨ ਨਾਸ਼ਕਾਂ ਜਾਂ ਪੈਸਟੀਸਾਈਡ ਨੂੰ ਤੋੜ ਕੇ ਵੱਖ-ਵੱਖ ਕਰ ਕੇ ਉਸ ਨੂੰ ਐਲੀਮੈਂਟਲ ਸ਼ਕਲ ’ਚ ਕਰ ਦਿੰਦੇ ਹਨ ਅਤੇ ਜ਼ਹਿਰੀਲਾ ਮਾਦਾ ਖ਼ਤਮ ਹੋ ਜਾਂਦਾ ਹੈ। ਜਿੰਨੀਆਂ ਖਾਦਾਂ ਦਾ ਮੈਂ ਜ਼ਿਕਰ ਕੀਤਾ ਹੈ, ਜ਼ਮੀਨ ’ਚ ਕੋਈ ਵੀ ਖਾਦ ਪਾਣੀ ਨਾਲ ਹਲ ਦੀ ਵਾਹ ਤੋਂ ਹੇਠਾਂ ਨਹੀਂ ਜਾਂਦੀ ਸਿਵਾਏ ਨਾਈਟ੍ਰੋਜਨ ਦੇ। ਨਾਈਟ੍ਰੋਜਨ ਵਾਲੀ ਖਾਦ ਨਾਈਟ੍ਰੇਟ ਦੇ ਰੂਪ ’ਚ ਪਾਣੀ ਲਾਉਣ ਨਾਲ ਹੇਠਾਂ ਜਾਂਦੀ ਹੈ ਅਤੇ ਜਦੋਂ ਪਾਣੀ ਉੱਪਰੋਂ ਸੁੱਕ ਕੇ ਸਿੱਲ ਉੱਪਰ ਨੂੰ ਆਉਂਦੀ ਹੈ, ਉੱਪਰ ਆ ਜਾਂਦੇ ਹਨ। ਇਸ ਤਰ੍ਹਾਂ ਇਹ ਰੂਟ ਜ਼ੋਨ ’ਚ ਹੀ ਘੁੰਮਦੇ ਹਨ ।

ਨਦੀਨ ਨਾਸ਼ਕ

ਜਿਹੜੇ ਵੀ ਨਦੀਨ ਨਾਸ਼ਕ ਪੰਜਾਬ ’ਚ ਵਰਤੇ ਜਾਂਦੇ ਹਨ, ਸਾਰੇ ਦੇ ਸਾਰੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਟੈਸਟ ਕਰ ਕੇ ਸਿਫ਼ਾਰਸ਼ ਕੀਤੇ ਜਾਂਦੇ ਹਨ ਅਤੇ ਉਹੋ ਹੀ ਵਿਕਦੇ ਹਨ। ਇਹ ਸਾਰੇ ਹੀ ਬਾਉਡੀਗਰੇਡੇਬਲ ਹਨ ਯਾਨੀ ਇਸ ਨੂੰ ਛੋਟੇ ਜੀਵ-ਜੰਤੂ (ਬੈਕਟੀਰੀਆ, ਉੱਲੀ, ਐਕਟੀਨੋਮਾਈਸਟੀਸ) ਆਦਿ ਤੋੜ ਦਿੰਦੇ ਹਨ ਭਾਵ ਇਨ੍ਹਾਂ ਦੀ ਨਦੀਨਾਂ ਦਾ ਨਾਸ਼ ਕਰਨ ਦੀ ਸ਼ਕਤੀ ਥੋੜ੍ਹਾ ਸਮਾਂ ਹੀ ਰਹਿੰਦੀ ਹੈ, ਇਸੇ ਕਰਕੇ ਜਿਹੜੇ ਨਦੀਨ ਦੂਜੇ-ਤੀਜੇ ਫਲੱਸ਼ ’ਚ ਉੱਗਦੇ ਹਨ, ਉਹ ਨਹੀਂ ਮਰਦੇ। ਕਹਿਣ ਦਾ ਭਾਵ ਜਿਹੜੀ ਫ਼ਸਲ ਅਸੀਂ ਖਾਣ ਲਈ ਵਰਤਣੀ ਹੈ, ਉਸ ’ਤੇ ਤਾਂ ਨਦੀਨ ਨਾਸ਼ਕ ਦਾ ਅਸਰ ਹੈ ਨਹੀਂ, ਅਗਲੀ ਫ਼ਸਲ ਲਈ ਰਹਿੰਦਾ ਨਹੀਂ। ਇਸ ਕਰਕੇ ਨਦੀਨ ਨਾਸ਼ਕਾਂ ਦਾ ਲੰਬੇ ਸਮੇਂ ਲਈ ਨਾ ਫ਼ਸਲ ’ਤੇ ਪ੍ਰਭਾਵ ਨਾ ਜ਼ਮੀਨ ’ਤੇ, ਬੰਦਿਆਂ ’ਤੇ ਤਾਂ ਹੋਣਾ ਹੀ ਕੀ ਹੈ।

ਕਿੱਥੇ ਹੈ ਸਮੱਸਿਆ?

ਸਮੱਸਿਆ ਹੈ ਸਾਡੇ ਪੀਣ ਵਾਲੇ ਪਾਣੀ ’ਚ ਜਿਹੜਾ ਸ਼ਹਿਰਾਂ ਦੇ ਸੀਵਰ ਤੇ ਉਦਯੋਗਾਂ ਨੇ ਖ਼ਰਾਬ ਕੀਤਾ ਹੈ। ਅੱਜ ਪੰਜਾਬ ’ਚ ਧਰਤੀ ਹੇਠਲੇ ਪਾਣੀਆਂ ਦੇ 29 ਫ਼ੀਸਦੀ ਨਮੂਨਿਆਂ ’ਚ ਯੂਰੇਨੀਅਮ 30 ਪੀਪੀਬੀ ਤੋਂ ਵੱਧ ਪਾਇਆ ਗਿਆ, ਜੋ ਭਾਰੀ ਧਾਤ ਹੈ ਅਤੇ ਸਿਹਤ ਲਈ ਹਾਨੀਕਾਰਕ ਹੈ। ਸਮੱਸਿਆ ਹੈ ਸਾਡੇ ਅੰਧਾਧੁੰਦ ਐਂਟੀਬਾਇਟਿਕ ਦੀ ਵਰਤੋਂ ’ਚ। ਕਦੇ ਇਨ੍ਹਾਂ ਦੀ ਕਿਸੇ ਨੇ ਕੁਆਲਟੀ ਚੈੱਕ ਕੀਤੀ? ਸਮੱਸਿਆ ਹੈ ਸਾਡੇ ਪ੍ਰੋਸੈਸਡ ਫੂਡ ’ਚ ਜਿਨ੍ਹਾਂ ’ਚ ਪ੍ਰੇਸਰਵੈਟਿਵ ਪਾਇਆ ਜਾਂਦਾ ਹੈ। ਇਨ੍ਹਾਂ ਤਿੰਨਾਂ ਤੋਂ ਧਿਆਨ ਹਟਾਉਣ ਲਈ ਸਾਰਾ ਦੋਸ਼ ਕਿਸਾਨਾਂ ਸਿਰ ਮੜ੍ਹਿਆ ਜਾ ਰਿਹਾ ਹੈ।

ਕੁਆਲਿਟੀ ਚੈੱਕ ਲਈ ਟੈਸਟ

ਪੰਜਾਬ ਦਾ ਕਿਸਾਨ ਤਕਨੀਕੀ ਖੇਤੀ ਕਰਦਾ ਹੈ। ਤਕਨੀਕੀ ਖੇਤੀ ’ਚ ਲੋੜ ਅਨੁਸਾਰ ਫ਼ਸਲ ਨੂੰ ਖ਼ੁਰਾਕ ਵੀ ਦੇਣੀ ਪੈਂਦੀ ਹੈ ਅਤੇ ਕੀੜੇ ਅਤੇ ਬਿਮਾਰੀਆਂ ਤੋਂ ਬਚਾਉਣ ਲਈ ਦਵਾਈ ਵੀ ਦੇਣੀ ਪੈਂਦੀ ਹੈ ਪਰ ਫਿਰ ਵੀ ਕੁਆਲਿਟੀ ਚੈੱਕ ਲਈ ਐੱਮਪੀ ਅਤੇ ਪੰਜਾਬ ਦੀ ਕਣਕ ਦਾ ਆਟਾ ਬਿਨਾਂ ਸ਼ਨਾਖਤ ਦੱਸੇ ਟੈਸਟ ਕਰਵਾਓ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫੂਡ ਟੈਕਨੋਲੋਜੀ ਵਿਭਾਗ ਅਤੇ ਕੈਂਪਸ ’ਚ ਹੀ ਬਣੇ ਸਿਫੇਟ ਇੰਸਟੀਚਿਊਟ ਤੋਂ ਟੈਸਟ ਕਰਵਾਇਆ ਜਾ ਸਕਦਾ ਹੈ।

ਕੁਦਰਤੀ ਉਪਜਾਊ ਸ਼ਕਤੀ

ਜ਼ਮੀਨ ਰੇਤਲੀ ਮੈਰਾ ਹੋਣ ਕਰਕੇ ਕੁਦਰਤੀ ਉਪਜਾਊ ਸ਼ਕਤੀ ਘੱਟ ਹੈ ਤੇ ਵੱਧ ਪੈਦਾਵਾਰ ਲੈਣ ਲਈ ਉਸ ਨੂੰ ਖ਼ੁਰਾਕ ਖਾਦਾਂ ਦੇ ਰੂਪ ’ਚ ਦੇਣੀ ਪੈਂਦੀ ਹੈ। ਜਾਨਵਰ ਤੋਂ ਵੀ ਬੱਚਾ ਲੈਣਾ ਹੋਵੇ ਤਾਂ ਪਹਿਲਾਂ ਉਸ ਨੂੰ ਖ਼ੁਰਾਕ ਚਾਰ ਕੇ ਉਸ ਕਾਬਲ ਬਣਾਉਣਾ ਪੈਂਦਾ ਹੈ। ਫ਼ਸਲਾਂ ਦੀ ਖ਼ੁਰਾਕ ਰੂੜੀ ਜਾਂ ਰਸਾਇਣਕ ਖਾਦਾਂ ਤੋਂ ਮਿਲਦੀ ਹੈ। ਰੂੜੀ ਫ਼ਸਲਾਂ, ਸਬਜ਼ੀਆਂ ਆਦਿ ਦੀ ਰਹਿੰਦ-ਖੂੰਹਦ ਅਤੇ ਜਾਨਵਰਾਂ ਦੇ ਗੋਹੇ ਤੋਂ ਬਣਦੀ ਹੈ, ਜੋ ਪੈਦਾ ਹੋਣ ਵਾਲੀਆਂ ਫ਼ਸਲਾਂ ਦੀ ਸਾਰੀ ਖ਼ੁਰਾਕੀ ਲੋੜ ਪੂਰਾ ਕਰਨ ਲਈ ਘੱਟ ਹੈ। ਇਸ ਲਈ ਉਸ ਨੂੰ ਰਸਾਇਣਕ ਖਾਦਾਂ ਤੋਂ ਪੂਰਾ ਕੀਤਾ ਜਾਂਦਾ ਹੈ ।

ਕੀਟਨਾਸ਼ਕ

ਬਿਮਾਰੀ ਜਾਂ ਕੀੜਿਆਂ ਲਈ ਵੀ ਜਿਹੜੀ ਵੀ ਜ਼ਹਿਰ ਸਪਰੇਅ ਕੀਤੀ ਜਾਂਦੀ ਹੈ, ਉਹ ਖੇਤੀਬਾੜੀ ਯੂਨੀਵਰਸਿਟੀ ਤੋਂ ਪ੍ਰਮਾਣਿਤ ਹੁੰਦੀ ਹੈ ਅਤੇ ਇਹ ਵੀ ਸਾਰੀਆਂ ਹੀ ਬਾਇਓਡੀਗਰੇਡੇਬਲ ਹਨ ਜਾਂ ਕਹਿ ਲਓ ਕੁਝ ਸਮੇਂ ਬਾਅਦ ਇਨ੍ਹਾਂ ਦਾ ਜ਼ਹਿਰੀਲਾਪਣ ਖ਼ਤਮ ਹੋ ਜਾਂਦਾ ਹੈ। ਕੀੜਿਆਂ ਦਾ ਜ਼ਿਆਦਾ ਹਮਲਾ ਬਾਸਮਤੀ ਦੀ ਫ਼ਸਲ ’ਤੇ ਹੋਣ ਦੀ ਸੰਭਾਵਨਾ ਹੁੰਦੀ ਹੈ ਕਿਉਂਕਿ ਝੋਨੇ ਦੀ ਕਟਾਈ ਤੋਂ ਬਾਅਦ ਬਾਸਮਤੀ ਖੇਤ ’ਚ ਖੜ੍ਹੀ ਹੁੰਦੀ ਹੈ। ਜੇ ਬਾਸਮਤੀ ਵੀ ਅਮਰੀਕਾ ਤੱਕ ਪਹੁੰਚ ਗਈ ਤਾਂ ਇਸ ਦਾ ਮਤਲਬ ਇਸ ’ਚ ਜ਼ਹਿਰੀਲਾ ਮਾਦਾ ਨਹੀਂ ਹੈ ।

ਕੁਦਰਤੀ ਉਪਜਾਊ ਸ਼ਕਤੀ

ਜ਼ਮੀਨ ਰੇਤਲੀ ਮੈਰਾ ਹੋਣ ਕਰਕੇ ਕੁਦਰਤੀ ਉਪਜਾਊ ਸ਼ਕਤੀ ਘੱਟ ਹੈ ਤੇ ਵੱਧ ਪੈਦਾਵਾਰ ਲੈਣ ਲਈ ਉਸ ਨੂੰ ਖ਼ੁਰਾਕ ਖਾਦਾਂ ਦੇ ਰੂਪ ’ਚ ਦੇਣੀ ਪੈਂਦੀ ਹੈ। ਜਾਨਵਰ ਤੋਂ ਵੀ ਬੱਚਾ ਲੈਣਾ ਹੋਵੇ ਤਾਂ ਪਹਿਲਾਂ ਉਸ ਨੂੰ ਖ਼ੁਰਾਕ ਚਾਰ ਕੇ ਉਸ ਕਾਬਲ ਬਣਾਉਣਾ ਪੈਂਦਾ ਹੈ। ਫ਼ਸਲਾਂ ਦੀ ਖ਼ੁਰਾਕ ਰੂੜੀ ਜਾਂ ਰਸਾਇਣਕ ਖਾਦਾਂ ਤੋਂ ਮਿਲਦੀ ਹੈ। ਰੂੜੀ ਫ਼ਸਲਾਂ, ਸਬਜ਼ੀਆਂ ਆਦਿ ਦੀ ਰਹਿੰਦ-ਖੂੰਹਦ ਅਤੇ ਜਾਨਵਰਾਂ ਦੇ ਗੋਹੇ ਤੋਂ ਬਣਦੀ ਹੈ, ਜੋ ਪੈਦਾ ਹੋਣ ਵਾਲੀਆਂ ਫ਼ਸਲਾਂ ਦੀ ਸਾਰੀ ਖ਼ੁਰਾਕੀ ਲੋੜ ਪੂਰਾ ਕਰਨ ਲਈ ਘੱਟ ਹੈ। ਇਸ ਲਈ ਉਸ ਨੂੰ ਰਸਾਇਣਕ ਖਾਦਾਂ ਤੋਂ ਪੂਰਾ ਕੀਤਾ ਜਾਂਦਾ ਹੈ ।